ਸੰਗਰੂਰ/ਪਟਿਆਲਾ: CBI Raid: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ (ਵਿਸ਼ੇਸ਼ ਕਾਰਜ ਅਧਿਕਾਰੀ) ਰਾਜਬੀਰ ਸਿੰਘ ਘੁੰਮਣ ਦੇ ਜੱਦੀ ਪਿੰਡ ਘਰਾਚੋਂ (ਜ਼ਿਲ੍ਹਾ ਸੰਗਰੂਰ) ਸਥਿਤ ਘਰ ’ਤੇ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੀ ਛਾਪੇਮਾਰੀ ਮਗਰੋਂ ਸਿਆਸੀ ਅਤੇ ਪ੍ਰਸ਼ਾਸਨਿਕ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸੀਬੀਆਈ ਟੀਮ ਦੇ ਆਉਣ ਮੌਕੇ ਪਿੰਡ ਵਿੱਚ ਢੋਲ ਵਜਾ ਕੇ, ਫੁੱਲਾਂ ਦੀ ਵਰਖਾ ਕਰਕੇ ਅਤੇ ਲੱਡੂ ਵੰਡ ਕੇ ਕੀਤੇ ਗਏ ਸੁਆਗਤ ਤੋਂ ਤੁਰੰਤ ਬਾਅਦ ਪੁਲਿਸ ਵਿਭਾਗ ਹਰਕਤ ਵਿੱਚ ਆ ਗਿਆ ਹੈ। ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਥਾਣਾ ਮੁਖੀ (ਐੱਸਐੱਚਓ) ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਸੁਆਗਤ ਕਰਨ ਵਾਲੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਪੂਰਾ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਜਦੋਂ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਖੇਤਰ ਦੇ ਦੌਰੇ ’ਤੇ ਪਹੁੰਚੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਨਾਲ ਜੁੜੇ ਵਰਕਰਾਂ ਨੇ ਏਜੰਸੀ ਦੀ ਕਾਰਵਾਈ ਦਾ ਜਸ਼ਨ ਮਨਾਉਂਦਿਆਂ ਇਹ ਸੁਆਗਤ ਕੀਤਾ ਸੀ, ਜਿਸ ਕਾਰਨ ਇਹ ਮਾਮਲਾ ਹੋਰ ਵੀ ਚਰਚਾ ਦਾ ਵਿਸ਼ਾ ਬਣ ਗਿਆ। ਸੰਗਰੂਰ ਪੁਲਿਸ ਨੇ ਮੰਗਲਵਾਰ ਸ਼ਾਮ ਕਾਰਵਾਈ ਦੌਰਾਨ ਜਾਂਚ ਟੀਮ ਦੇ ਵਾਹਨਾਂ ’ਤੇ ਫੁੱਲ ਸੁੱਟਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਕਾਬੂ ਕੀਤਾ ਹੈ। ਇੱਕ ਉੱਚ ਅਧਿਕਾਰੀ ਅਨੁਸਾਰ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ਾਂ ਤਹਿਤ ਐੱਸਐੱਚਓ ਯਸ਼ਪਾਲ ਸ਼ਰਮਾ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖਦੇ ਹੋਏ ਘਰਾਚੋਂ ਤੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਬੀਰ ਸਿੰਘ ਘੁੰਮਣ ਦੇ ਪਿੰਡ ਘਰਾਚੋਂ ਵਾਲੇ ਘਰ ਵਿੱਚ ਸੀਬੀਆਈ ਵੱਲੋਂ ਮੰਗਲਵਾਰ ਸ਼ਾਮ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਤੋਂ ਇਲਾਵਾ ਜਾਂਚ ਏਜੰਸੀ ਨੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਉਸ ਕੋਠੀ, ਜਿਸ ਨੂੰ ਮੁੱਖ ਮੰਤਰੀ ਦੇ ਕੈਂਪ ਆਫ਼ਿਸ ਵਜੋਂ ਵਰਤਿਆ ਜਾ ਰਿਹਾ ਸੀ ਅਤੇ ਜਿੱਥੇ ਘੁੰਮਣ ਰਹਿ ਰਹੇ ਸਨ, ਸਮੇਤ ਮੁਹਾਲੀ, ਲੁਧਿਆਣਾ, ਪਟਿਆਲਾ, ਜਲੰਧਰ ਅਤੇ ਗੁਰਦਾਸਪੁਰ ਵਿੱਚ ਇਸ ਮਾਮਲੇ ਨਾਲ ਜੁੜੇ ਹੋਰਨਾਂ ਵਿਅਕਤੀਆਂ ਦੇ ਟਿਕਾਣਿਆਂ ’ਤੇ ਵੀ ਛਾਪੇਮਾਰੀ ਕੀਤੀ ਹੈ। Post navigation ਪੰਜਾਬ ਦੇ ਮੁੱਖ ਮੰਤਰੀ ਦੇ OSD ਅਤੇ 5 ਹੋਰਾਂ ਖ਼ਿਲਾਫ਼ CBI ਵੱਲੋਂ FIR ਦਰਜ; 8 ਥਾਵਾਂ ‘ਤੇ ਛਾਪੇਮਾਰੀ ਕਰਾਟੇ ‘ਚ ਰੁਹਾਨੀ ਨੇ ਜਿੱਤਿਆ ਗੋਲਡ ਮੈਡਲ, 10 ਹਜ਼ਾਰ ਦਾ ਨਕਦ ਇਨਾਮ ਹਾਸਲ ਕੀਤਾ