ਜਲੰਧਰ, 9 ਸਤੰਬਰ Jalandhar Bandh: ਲੁਧਿਆਣਾ ਵਿਖੇ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕੀਤੇ ਜਾਣ ਦੇ ਮਾਮਲੇ ਨੇ ਸੂਬੇ ਭਰ ਵਿੱਚ ਤੂਲ ਫੜ ਲਿਆ ਹੈ। ਇਸ ਘਟਨਾ ਖ਼ਿਲਾਫ਼ ਦਲਿਤ ਅਤੇ ਸਮਾਜਿਕ ਜਥੇਬੰਦੀਆਂ ਵਿੱਚ ਫੈਲੇ ਤਿੱਖੇ ਰੋਸ ਦੇ ਮੱਦੇਨਜ਼ਰ ਹੁਣ ਜਲੰਧਰ ਵਿੱਚ ਵੀ ਭਲਕੇ (ਵੀਰਵਾਰ) ਮੁਕੰਮਲ ਬੰਦ ਦਾ ਐਲਾਨ ਕੀਤਾ ਗਿਆ ਹੈ। ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ (ਪੰਜਾਬ) ਦੇ ਪ੍ਰਧਾਨ ਰਾਜੀਵ ਗੋਰਾ ਅਤੇ ਭੀਮ ਕ੍ਰਾਂਤੀ ਸੈਨਾ ਦੇ ਪ੍ਰਧਾਨ ਗੌਰਵ ਵਾਲਮੀਕਿ ਦੀ ਅਗਵਾਈ ਹੇਠ ਲਏ ਗਏ ਫੈਸਲੇ ਅਨੁਸਾਰ ਸ਼ਹਿਰ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ, ਆਮ ਲੋਕਾਂ ਅਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵਿਦਿਅਕ ਅਦਾਰਿਆਂ (ਸਕੂਲ-ਕਾਲਜਾਂ) ਅਤੇ ਮੈਡੀਕਲ ਸਟੋਰਾਂ/ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ। ਪ੍ਰਸ਼ਾਸਕੀ ਲਾਪਰਵਾਹੀ ’ਤੇ ਚੁੱਕੇ ਸਵਾਲ ਆਗੂਆਂ ਨੇ ਲੁਧਿਆਣਾ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਸਥਾਨ ’ਤੇ ਪਹਿਲਾਂ ਵੀ ਭੰਨ-ਤੋੜ ਹੋਈ ਸੀ, ਜਿਸ ਮਗਰੋਂ ਪ੍ਰਸ਼ਾਸਨ ਨੇ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਸੀ, ਪਰ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਆਗਾਮੀ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਦਿਨਾਂ ਦੌਰਾਨ ਅਜਿਹੀ ਹਰਕਤ ਹੋਣ ਨਾਲ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ। ਸਿਆਸੀ ਸਾਜ਼ਿਸ਼ ਦਾ ਖ਼ਦਸ਼ਾ; ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਆਗੁਆਂ ਨੇ ਕਿਹਾ ਕੇ ਬਾਬਾ ਸਾਹਿਬ ਦੇ ਬੁੱਤਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਏ ਜਾਣਾ ਕਿਸੇ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਕੁਝ ਸ਼ਰਾਰਤੀ ਅਨਸਰ ਜਾਂ ਸਿਆਸੀ ਧਿਰਾਂ ਆਪਣੇ ਨਿੱਜੀ ਮੁਫ਼ਾਦਾਂ ਲਈ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਥੇਬੰਦੀਆਂ ਨੇ ਪੁਲੀਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦਿਆਂ ਮੰਗ ਕੀਤੀ ਹੈ ਕਿ ਇਸ ਸ਼ਰਮਨਾਕ ਕਾਰੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਬਿਨਾਂ ਕਿਸੇ ਦੇਰੀ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ। Post navigation Ludiana: ਅੰਬੇਡਕਰ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਲੁਧਿਆਣਾ ਰਿਹਾ ਬੰਦ; ਹਾਈਵੇਅ ਜਾਮ, ਖੱਜਲ-ਖ਼ੁਆਰ Punjab ਗੁਲਜ਼ਾਰ ਸਿੰਘ ਖ਼ੁਦਕੁਸ਼ੀ: ਰਾਹੁਲ ਗਾਂਧੀ ਨੇ ਚੀਮਾ ਦਾ ਅਸਤੀਫ਼ਾ ਮੰਗਿਆ; ਸੀਐੱਮ ਮਾਨ ਬੋਲੇ— ‘ਲਾਸ਼ਾਂ ‘ਤੇ ਸਿਆਸਤ ਨਾ ਕਰੋ’