ਕੀ ਸਕੂਲ ਹੁਣ ਸਾਡੇ ਮਾਸੂਮ ਬੱਚਿਆਂ ਲਈ ਸਿੱਖਿਆ ਦੇ ਮੰਦਰ ਨਹੀਂ, ਸਗੋਂ ਖ਼ੌਫ਼ ਦਾ ਅੱਡਾ ਬਣਦੇ ਜਾ ਰਹੇ ਹਨ? ਇੱਕ ਅਧਿਆਪਕਾ ਦੇ ਜ਼ੋਰਦਾਰ ਥੱਪੜ ਨੇ ਕੇ.ਜੀ. ਕਲਾਸ ਵਿੱਚ ਪੜ੍ਹਦੇ 6 ਸਾਲ ਦੇ ਨੰਨ੍ਹੇ-ਮੁੰਨੇ ਬੱਚੇ ਦੀ ਹੱਸਦੀ-ਖੇਡਦੀ ਜ਼ਿੰਦਗੀ ਹਮੇਸ਼ਾ ਲਈ ਖ਼ਤਮ ਕਰ ਦਿੱਤੀ! ਬੀਤੇ ਦਿਨ ਸਾਹਮਣੇ ਸਾਹਮਣੇ ਆਈ ਇਸ ਦਿਲ ਕੰਬਾਊ ਘਟਨਾ ਨੇ ਹਰ ਇੱਕ ਮਾਂ-ਬਾਪ ਦੀ ਰੂਹ ਕੰਬਾ ਕੇ ਰੱਖ ਦਿੱਤੀ ਹੈ।

ਇਹ ਦਰਦਨਾਕ ਘਟਨਾ ਇੱਕ ਨਿੱਜੀ ਸਕੂਲ ਦੀ ਹੈ, ਜਿੱਥੇ ਮਾਸੂਮ ਬੱਚਾ ਆਪਣਾ ਹੋਮਵਰਕ ਚੈੱਕ ਕਰਵਾਉਣ ਲਈ ਅਧਿਆਪਕਾ ਦੀ ਡੈਸਕ ਕੋਲ ਲਾਈਨ ਵਿੱਚ ਖੜ੍ਹਾ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸੀਸੀਟੀਵੀ ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਬੱਚਾ ਹੱਥ ਵਿੱਚ ਸਲੇਟ ਫੜ ਕੇ ਕਾਫ਼ੀ ਜ਼ਿਆਦਾ ਘਬਰਾਇਆ ਹੋਇਆ ਸੀ ਅਤੇ ਰੋ ਰਿਹਾ ਸੀ। ਅਧਿਆਪਕਾ ਨੇ ਜਿਵੇਂ ਹੀ ਉਸ ਦੀ ਵਰਦੀ ਫੜ ਕੇ ਉਸ ਨੂੰ ਆਪਣੇ ਵੱਲ ਖਿੱਚਿਆ, ਤਾਂ ਡਰੇ ਹੋਏ ਬੱਚੇ ਨੇ ਹੱਥ ਹਿਲਾ ਕੇ ਬਚਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਗੁੱਸੇ ਵਿੱਚ ਆਈ ਮੈਡਮ ਨੇ ਉਸ ਦੇ ਮੂੰਹ ‘ਤੇ ਇੱਕ ਥੱਪੜ ਜੜ ਦਿੱਤਾ।

ਥੱਪੜ ਲੱਗਦੇ ਹੀ ਮਾਸੂਮ ਕੁਝ ਪਲਾਂ ਲਈ ਬਿਲਕੁਲ ਸੁੰਨ ਹੋ ਗਿਆ ਅਤੇ ਅਗਲੇ ਹੀ ਪਲ ਬੇਹੋਸ਼ ਹੋ ਕੇ ਅਧਿਆਪਕਾ ਦੀ ਗੋਦ ਵਿੱਚ ਡਿੱਗ ਪਿਆ। ਹਾਲਾਂਕਿ ਸਕੂਲ ਸਟਾਫ਼ ਵੱਲੋਂ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਅਧਿਆਪਕਾ ਦੀ ਬੇਰਹਿਮੀ ਅਤੇ ਦਹਿਸ਼ਤ ਕਾਰਨ ਹੀ ਉਨ੍ਹਾਂ ਦੇ ਇਕਲੌਤੇ ਚਿਰਾਗ ਦੀ ਜਾਨ ਗਈ ਹੈ।

ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਸਕੂਲ ਦੇ ਬਾਹਰ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ। ਪੁਲੀਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ੱਕੀ ਮੌਤ ਦਾ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ, ਸੂਬੇ ਦੇ ਸਿੱਖਿਆ ਮੰਤਰੀ ਨਾਰਾ ਲੋਕੇਸ਼ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮਾਮਲੇ ਦੀ ਪੜਤਾਲ ਲਈ 3 ਮੈਂਬਰੀ ਉੱਚ ਪੱਧਰੀ ਜਾਂਚ ਕਮੇਟੀ ਬਣਾ ਦਿੱਤੀ ਗਈ ਹੈ ਅਤੇ ਅਧਿਆਪਕਾਂ ਨੂੰ ਬੱਚਿਆਂ ਨਾਲ ਸੰਵੇਦਨਸ਼ੀਲਤਾ ਨਾਲ ਪੇਸ਼ ਆਉਣ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਸ ਸਬੰਧੀ ਮਾਹਿਰ ਸਾਈਕੈਟਰਿਸਟ ਡਾਕਟਰ ਹਿਮਾਂਸ਼ੂ ਸਿੰਗਲਾ ਦਾ ਕਹਿਣਾ ਹੈ ਕਿ ਜਦੋਂ ਕਿਸੇ ਛੋਟੇ ਬੱਚੇ ਨੂੰ ਅਚਾਨਕ ਗੁੱਸਾ ਕੀਤਾ ਜਾਂਦਾ ਹੈ ਜਾਂ ਮਾਰਿਆ ਜਾਂਦਾ ਹੈ, ਤਾਂ ਉਸ ਦਾ ਦਿਮਾਗ ਅਤੇ ਦਿਲ ਬਹੁਤ ਤੇਜ਼ੀ ਨਾਲ ਪ੍ਰਤੀਕਿਰਿਆ ਕਰਦਾ ਹੈ। ਡਰ ਕਾਰਨ ਬੱਚੇ ਦੀ ਦਿਲ ਦੀ ਧੜਕਣ ਬਹੁਤ ਤੇਜ਼ ਹੋ ਸਕਦੀ ਹੈ, ਸਾਹ ਘੁੱਟ ਸਕਦਾ ਹੈ।

ਡਾਕਟਰ ਹਿਮਾਂਸ਼ੂ ਨੇ ਕਿਹਾ ਕਿ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਬੱਚਿਆਂ ਦੀ ਮਨੋਵਿਗਿਆਨਕ ਸਥਿਤੀ ਨੂੰ ਸਮਝਣ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਅਧਿਆਪਕਾਂ ਨੂੰ ਇਹ ਸਮਝਣਾ ਜਰੂਰੀ ਹੈ ਕਿ ਸਜ਼ਾ ਜਾਂ ਡਰਾਉਣ ਨਾਲ ਬੱਚਾ ਮਾਨਸਿਕ ਤਣਾਅ ਅਤੇ ਸਹਿਮ ਵਿੱਚ ਚਲਾ ਜਾਂਦਾ ਹੈ।

Leave a Reply

Your email address will not be published. Required fields are marked *