EPFO/FB

ਨਵੀਂ ਦਿੱਲੀ, 14 ਸਤੰਬਰ:

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਕਰੋੜਾਂ ਖਾਤਾਧਾਰਕਾਂ ਅਤੇ ਪੈਨਸ਼ਨਰਾਂ ਦੀ ਸਹੂਲਤ ਲਈ ਇੱਕ ਅਹਿਮ ਕਦਮ ਚੁੱਕਦਿਆਂ ਅਧਿਕਾਰਤ ਵਟਸਐਪ (WhatsApp) ਚੈਨਲ ਦੀ ਸ਼ੁਰੂਆਤ ਕੀਤੀ ਹੈ। EPFO ਦੀ ਇਸ ਨਵੀਂ ਪਹਿਲਕਦਮੀ ਦਾ ਮਕਸਦ ਭਵਿੱਖ ਨਿਧੀ ਨਾਲ ਜੁੜੀਆਂ ਸੇਵਾਵਾਂ ਅਤੇ ਜ਼ਰੂਰੀ ਜਾਣਕਾਰੀਆਂ ਨੂੰ ਮੈਂਬਰਾਂ ਤੱਕ ਸੁਖਾਲੇ ਢੰਗ ਨਾਲ ਪਹੁੰਚਾਉਣਾ ਹੈ।

ਸੰਗਠਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਖਾਤਾਧਾਰਕ ਹੁਣ ਈਪੀਐੱਫਓ ਦੇ ਪ੍ਰਮਾਣਿਤ ਵਟਸਐਪ ਨੰਬਰ ’ਤੇ ਸਿਰਫ਼ ‘Hello’ ਲਿਖ ਕੇ ਗੱਲਬਾਤ ਸ਼ੁਰੂ ਕਰ ਸਕਣਗੇ। ਇਸ ਮੰਚ ਰਾਹੀਂ ਮੈਂਬਰ ਆਪਣੀਆਂ ਖੇਤਰੀ ਭਾਸ਼ਾਵਾਂ ਵਿੱਚ ਰੋਜ਼ਾਨਾ ਦੀਆਂ ਲੋੜਾਂ ਜਿਵੇਂ ਕਿ ਖਾਤੇ ਵਿੱਚ ਜਮ੍ਹਾਂ ਕੁੱਲ ਰਕਮ (ਪੀਐੱਫ ਬੈਲੇਂਸ), ਪਿਛਲੇ ਪੰਜ ਲੈਣ-ਦੇਣ ਅਤੇ ਦਾਅਵੇ ਦੀ ਮੌਜੂਦਾ ਸਥਿਤੀ (ਕਲੇਮ ਸਟੇਟਸ) ਬਾਰੇ ਤੁਰੰਤ ਜਾਣਕਾਰੀ ਹਾਸਲ ਕਰ ਸਕਣਗੇ।

ਸੋਸ਼ਲ ਮੀਡੀਆ ਮੰਚ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਜਾਣਕਾਰੀ ਸਾਂਝੀ ਕਰਦਿਆਂ ਈਪੀਐੱਫਓ ਨੇ ਲਿਖਿਆ, “ਈਪੀਐੱਫਓ ਹੁਣ ਵਟਸਐਪ ‘ਤੇ ਵੀ ਉਪਲਬਧ ਹੈ! ਜ਼ਰੂਰੀ ਖ਼ਬਰਾਂ ਅਤੇ ਲਾਭਦਾਇਕ ਵੇਰਵੇ ਹਾਸਲ ਕਰਨ ਲਈ ਸਾਡੇ ਅਧਿਕਾਰਤ ਚੈਨਲ ਨਾਲ ਜੁੜੋ।” ਮੈਂਬਰਾਂ ਦੀ ਸੁਵਿਧਾ ਲਈ ਸੰਸਥਾ ਵੱਲੋਂ ਇੱਕ ਸਿੱਧਾ ਲਿੰਕ ਅਤੇ ਕਿਊ.ਆਰ. (QR) ਕੋਡ ਵੀ ਜਾਰੀ ਕੀਤਾ ਗਿਆ ਹੈ, ਜਿਸ ਨੂੰ ਸਕੈਨ ਕਰਕੇ ਸਿੱਧਾ ਚੈਨਲ ਨਾਲ ਜੁੜਿਆ ਜਾ ਸਕਦਾ ਹੈ।

ਵਟਸਐਪ ਜ਼ਰੀਏ ਮਿਲਣਗੀਆਂ ਇਹ ਪ੍ਰਮੁੱਖ ਸਹੂਲਤਾਂ:

ਪੀਐੱਫ ਖਾਤੇ ਵਿੱਚ ਜਮ੍ਹਾਂ ਰਕਮ ਦੀ ਪੜਤਾਲ
ਦਾਅਵੇ (ਕਲੇਮ) ਦੇ ਨਿਪਟਾਰੇ ਦੀ ਸਥਿਤੀ
ਪਿਛਲੇ ਪੰਜ ਵਿੱਤੀ ਲੈਣ-ਦੇਣਾਂ ਦਾ ਵੇਰਵਾ
ਈਪੀਐੱਫ ਪਾਸਬੁੱਕ ਡਾਊਨਲੋਡ ਕਰਨ ਵਿੱਚ ਮਦਦ
ਆਧਾਰ ਪ੍ਰਮਾਣੀਕਰਨ ਅਤੇ ਡੀ.ਬੀ.ਟੀ. (ਸਿੱਧਾ ਲਾਭ ਤਬਾਦਲਾ) ਨਾਲ ਸਬੰਧਤ ਸੂਚਨਾਵਾਂ

ਸੇਵਾਵਾਂ ਦੇ ਡਿਜੀਟਲੀਕਰਨ ਵੱਲ ਵੱਡਾ ਕਦਮ

ਕੇਂਦਰੀ ਕਿਰਤ ਮੰਤਰਾਲੇ ਅਨੁਸਾਰ ਈਪੀਐੱਫਓ ਆਪਣੀਆਂ ਸੇਵਾਵਾਂ ਵਿੱਚ ਵੱਡੇ ਪੱਧਰ ‘ਤੇ ਡਿਜੀਟਲ ਸੁਧਾਰ ਲਾਗੂ ਕਰ ਰਿਹਾ ਹੈ। ਇਸ ਤਹਿਤ ਆਉਣ ਵਾਲੇ ਸਮੇਂ ਵਿੱਚ ਯੂਪੀਆਈ (UPI) ਰਾਹੀਂ ਰਕਮ ਕਢਵਾਉਣ ਦੀ ਸਹੂਲਤ, ਕਲੇਮਾਂ ਦੇ ਸਵੈਚਾਲਿਤ (ਆਟੋ) ਨਿਪਟਾਰੇ ਦੀ ਹੱਦ ਵਧਾਉਣ, ਨੌਕਰੀ ਬਦਲਣ ‘ਤੇ ਪੀਐੱਫ ਖਾਤੇ ਦਾ ਆਪਣੇ-ਆਪ ਤਬਾਦਲਾ ਹੋਣ ਵਰਗੀਆਂ ਆਧੁਨਿਕ ਤਕਨੀਕਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਦਫ਼ਤਰੀ ਦੇਰੀ ਨੂੰ ਖ਼ਤਮ ਕਰਕੇ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਇਆ ਜਾ ਸਕੇ।

ਇਸਦੇ ਨਾਲ ਹੀ ਮੰਤਰਾਲੇ ਨੇ ਆਮ ਲੋਕਾਂ ਨੂੰ ਚੌਕਸ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਉਹ ਸਿਰਫ਼ ਪ੍ਰਮਾਣਿਤ (ਵੈਰੀਫਾਈਡ) ਨੀਲੇ ਨਿਸ਼ਾਨ ਵਾਲੇ ਅਧਿਕਾਰਤ ਵਟਸਐਪ ਚੈਨਲ ਨਾਲ ਹੀ ਜੁੜਨ। ਪੀਐੱਫ ਸੇਵਾਵਾਂ ਦੇ ਨਾਂ ‘ਤੇ ਚੱਲ ਰਹੇ ਕਿਸੇ ਵੀ ਅਣਅਧਿਕਾਰਤ ਜਾਂ ਜਾਅਲੀ ਖਾਤੇ ਦੇ ਸ਼ੱਕੀ ਲਿੰਕਾਂ ‘ਤੇ ਕਲਿੱਕ ਨਾ ਕਰਨ ਅਤੇ ਨਾ ਹੀ ਨਿੱਜੀ ਜਾਣਕਾਰੀ ਸਾਂਝੀ ਕਰਨ।

Leave a Reply

Your email address will not be published. Required fields are marked *