ED Raid: ਮੋਗਾ ਤੋਂ 'ਆਪ' ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ


ਚੰਡੀਗੜ੍ਹ/ਮੋਗਾ, 7 ਨਵੰਬਰ

ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ-1 ਵੱਲੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA), 2002 ਤਹਿਤ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਨਾਲ ਜੁੜੇ 7 ਵੱਖ-ਵੱਖ ਟਿਕਾਣਿਆਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਨ੍ਹਾਂ ਟਿਕਾਣਿਆਂ ਵਿੱਚ ਵਿਧਾਇਕਾ ਨਾਲ ਸੰਬੰਧਤ ਇੱਕ ਹਸਪਤਾਲ-ਕਮ-ਨਸ਼ਾ ਛੁਡਾਊ ਕੇਂਦਰ ਵੀ ਸ਼ਾਮਲ ਸੀ।

ਈਡੀ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਜਾਂਚ ਪੰਜਾਬ ਪੁਲੀਸ ਦੇ ਥਾਣਾ ਧਰਮਕੋਟ (ਜ਼ਿਲ੍ਹਾ ਮੋਗਾ) ਵਿਖੇ ਪਟਵਾਰੀ ਨਵਦੀਪ ਸਿੰਘ, ਦਿਲਖੁਸ਼ ਕੁਮਾਰੀ ਅਤੇ ਹੋਰਾਂ ਵਿਰੁੱਧ ਦਰਜ ਆਈਪੀਸੀ (IPC) ਕੇਸ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਸੀ। ਮਾਮਲਾ ਨੈਸ਼ਨਲ ਹਾਈਵੇਅ ਨੰਬਰ 754-ਏ ਲਈ ਐਕੁਆਇਰ ਕੀਤੀ ਗਈ ਜ਼ਮੀਨ ਦੇ ਸੰਦਰਭ ਵਿੱਚ ਪਿੰਡ ਅਧਰਾਮਾਂ ਵਿਖੇ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਕੇ 1,00,65,724 ਰੁਪਏ (1 ਕਰੋੜ 65 ਹਜ਼ਾਰ ਰੁਪਏ ਤੋਂ ਵੱਧ) ਦਾ ਗ਼ਲਤ ਮੁਆਵਜ਼ਾ ਜਾਰੀ ਕਰਨ ਨਾਲ ਜੁੜਿਆ ਹੋਇਆ ਹੈ। ਪੰਜਾਬ ਪੁਲੀਸ ਪਟਵਾਰੀ ਨਵਦੀਪ ਸਿੰਘ ਵਿਰੁੱਧ ਪਹਿਲਾਂ ਹੀ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ।

ਵਿਧਾਇਕਾ ਤੇ ਪਤੀ ‘ਤੇ ਪੈਸੇ ਦੇ ਹੇਰ-ਫੇਰ ਦੇ ਦੋਸ਼
ਜਾਂਚ ਏਜੰਸੀ ਮੁਤਾਬਕ ਉਕਤ ਮੁਆਵਜ਼ੇ ਦੀ ਰਕਮ ਦਿਲਖੁਸ਼ ਕੁਮਾਰੀ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਬੈਂਕ ਵੱਲੋਂ ਫ਼ਰੀਜ਼ ਕਰ ਦਿੱਤਾ ਗਿਆ ਸੀ। ਈਡੀ ਨੇ ਖ਼ੁਲਾਸਾ ਕੀਤਾ ਕਿ ਮੁਆਵਜ਼ੇ ਦੇ ਫੰਡਾਂ ਨੂੰ ਹੋਰ ਪਾਸੇ ਮੋੜਨ ਅਤੇ ਗ਼ਬਨ ਕਰਨ ਵਿੱਚ ਵਿਧਾਇਕਾ, ਉਨ੍ਹਾਂ ਦੇ ਪਤੀ ਅਤੇ ਹੋਰਨਾਂ ਸਾਥੀਆਂ ਦੀ ਕਥਿਤ ਸ਼ਮੂਲੀਅਤ ਸਾਹਮਣੇ ਆਈ ਹੈ।

ਸਰਕਾਰੀ ਅਤੇ ਚੈਰੀਟੇਬਲ ਜ਼ਮੀਨਾਂ ਦੀ ਗ਼ੈਰ-ਕਾਨੂੰਨੀ ਖ਼ਰੀਦੋ-ਫ਼ਰੋਖ਼ਤ
ਜਾਂਚ ਦੌਰਾਨ ਕਈ ਸਰਕਾਰੀ, ਨਗਰ ਨਿਗਮ ਅਤੇ ਟਰੱਸਟ ਦੀਆਂ ਜਾਇਦਾਦਾਂ ਨੂੰ ਜਾਅਲੀ ਢੰਗ ਨਾਲ ਹਾਸਲ ਕਰਨ ਅਤੇ ਟਰਾਂਸਫਰ ਕਰਨ ਦੇ ਮਾਮਲੇ ਵੀ ਬੇਪਰਦ ਹੋਏ ਹਨ: ਜ਼ੀਰਾ ਰੋਡ ਸਥਿਤ ਕੇਂਦਰ ਸਰਕਾਰ ਦੀ 13 ਮਰਲੇ ਜ਼ਮੀਨ ਸਿਵਲ ਲਾਈਨਜ਼ ਵਿਖੇ ਪੰਜਾਬ ਸਰਕਾਰ ਦੀ 7 ਮਰਲੇ ਜ਼ਮੀਨ ਰੇਲਵੇ ਰੋਡ ‘ਤੇ ਮਾਰਕੀਟ ਕਮੇਟੀ ਦੀ 6 ਮਰਲੇ ਜ਼ਮੀਨ ਮੋਗਾ ਮਹਿਲਾ ਸਿੰਘ-3 ਵਿਖੇ ਨਗਰ ਨਿਗਮ ਦੀ 3 ਕਨਾਲ 16 ਮਰਲੇ ਜ਼ਮੀਨ ਯੂਨਾਈਟਿਡ ਚਰਚ ਆਫ਼ ਨਾਰਦਰਨ ਇੰਡੀਆ ਟਰੱਸਟ ਐਸੋਸੀਏਸ਼ਨ ਦੀ 52 ਮਰਲੇ 8 ਸਰਸਾਹੀ ਜ਼ਮੀਨ ਈਡੀ ਅਨੁਸਾਰ ਇਹ ਜਾਇਦਾਦਾਂ ਮਾਲ ਰਿਕਾਰਡ ਵਿੱਚ ਫੇਰਬਦਲ ਕਰਕੇ ਵਿਧਾਇਕਾ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਦੇ ਨਾਮ ਕਰਵਾਈਆਂ ਗਈਆਂ ਸਨ। ਇਸ ਤੋਂ ਇਲਾਵਾ ਮੋਗਾ ਵਿੱਚ ਇੱਕ ਰਿਹਾਇਸ਼ੀ ਜਾਇਦਾਦ ਬਿਨਾਂ ਹਿਸਾਬ-ਕਿਤਾਬ ਵਾਲੀ ਨਕਦੀ ਨਾਲ ਖ਼ਰੀਦਣ ਦੇ ਦੋਸ਼ ਵੀ ਸਾਹਮਣੇ ਆਏ ਹਨ।

ਇਤਰਾਜ਼ਯੋਗ ਦਸਤਾਵੇਜ਼ ਤੇ ਬੇਨਾਮੀ ਜਾਇਦਾਦਾਂ ਦੇ ਸਬੂਤ ਬਰਾਮਦ
ਛਾਪੇਮਾਰੀ ਦੌਰਾਨ ਈਡੀ ਦੀ ਟੀਮ ਨੇ ਕਈ ਇਤਰਾਜ਼ਯੋਗ ਦਸਤਾਵੇਜ਼, ਇਲੈਕਟ੍ਰਾਨਿਕ ਯੰਤਰ ਅਤੇ ਹੋਰ ਸਬੂਤ ਜ਼ਬਤ ਕੀਤੇ ਹਨ, ਜੋ ਵਿਧਾਇਕਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬੇਨਾਮੀ ਜਾਇਦਾਦਾਂ ਬਣਾਉਣ ਵੱਲ ਇਸ਼ਾਰਾ ਕਰਦੇ ਹਨ। ਏਜੰਸੀ ਵੱਲੋਂ ਬਰਾਮਦ ਕੀਤੇ ਗਏ ਸਾਮਾਨ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਅਗਲੇਰੀ ਕਾਰਵਾਈ ਜਾਰੀ ਹੈ।

ਈਡੀ (ED) ਦੀ ਛਾਪੇਮਾਰੀ ’ਤੇ ਪ੍ਰਤੀਕਿਰਿਆ ਦਿੰਦਿਆਂ ‘ਆਪ’ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੇ ਕਿਹਾ, “ਈਡੀ ਨੇ ਸਵੇਰੇ ਕਰੀਬ 5:30 ਵਜੇ ਮੇਰੇ ਘਰ ਛਾਪਾ ਮਾਰਿਆ। ਇਸ ਤੋਂ ਬਾਅਦ ਉਹ ਮੇਰੇ ਦਫ਼ਤਰ, ਮੇਰੇ ਹਸਪਤਾਲ, ਮੇਰੀ ਮਾਤਾ ਜੀ ਦੇ ਘਰ ਅਤੇ ਮੇਰੇ ਭਰਾ ਦੇ ਘਰ ਗਏ। ਜਿੱਥੋਂ ਤੱਕ ਮੈਨੂੰ ਪਤਾ ਲੱਗਾ ਹੈ, ਮੇਰੇ ਚਾਚਾ ਜੀ ਦੇ ਘਰ ਅਤੇ ਹੋਰ ਥਾਵਾਂ ’ਤੇ ਵੀ ਛਾਪੇਮਾਰੀ ਕੀਤੀ ਗਈ, ਪਰ ਉਨ੍ਹਾਂ ਨੂੰ ਕਿਤਿਓਂ ਵੀ ਕੁਝ ਨਹੀਂ ਮਿਲਿਆ… ਮੈਂ ਕੱਲ੍ਹ ਸਾਰਿਆਂ ਨਾਲ ਗੱਲ ਕੀਤੀ ਕਿਉਂਕਿ ਉਸ ਵੇਲੇ ਅਸੀਂ ਸਾਰੇ ਵੱਖ-ਵੱਖ ਥਾਵਾਂ ’ਤੇ ਸੀ। ਮੈਨੂੰ ਜੋ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਲਗਪਗ ਛੇ-ਸੱਤ ਥਾਵਾਂ ’ਤੇ ਤਲਾਸ਼ੀ ਲਈ ਗਈ। ਇਹ ਤਲਾਸ਼ੀ ਦੁਪਹਿਰ ਕਰੀਬ 12:30 ਵਜੇ ਖ਼ਤਮ ਹੋ ਗਈ ਸੀ। ਹਾਲਾਂਕਿ, ਮੈਨੂੰ ਨਹੀਂ ਪਤਾ ਕਿ ਉੱਥੇ ਆਏ ਅਧਿਕਾਰੀਆਂ ’ਤੇ ਕਿਸ ਤਰ੍ਹਾਂ ਦਾ ਦਬਾਅ ਸੀ; ਉਹ ਜਾਣਬੁੱਝ ਕੇ ਸਮਾਂ ਲੰਘਾ ਰਹੇ ਸਨ ਅਤੇ ਅਧਿਕਾਰੀਆਂ ਨੂੰ ਲਗਾਤਾਰ ਫ਼ੋਨ ਆ ਰਹੇ ਸਨ…”

Leave a Reply

Your email address will not be published. Required fields are marked *