ਪੰਜਾਬੀ ਗਾਇਕ ਗਿੱਪੀ ਗਰੇਵਾਲ ਨਾਲ ਏਅਰ ਕੈਨੇਡਾ ਦੀ ਬਦਸਲੂਕੀ

ਚੰਡੀਗੜ੍ਹ, 17 ਸਤੰਬਰ:

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਕੈਨੇਡਾ ਦੀ ਪ੍ਰਮੁੱਖ ਏਅਰਲਾਈਨ ‘ਏਅਰ ਕੈਨੇਡਾ’ (Air Canada) ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮਾਮਲਾ ਉਦੋਂ ਵਾਪਰਿਆ ਜਦੋਂ ਗਿੱਪੀ ਗਰੇਵਾਲ ਨੇ ਬਿਜ਼ਨਸ ਕਲਾਸ ਦੀ ਪੂਰੀ ਟਿਕਟ ਖਰੀਦਣ ਦੇ ਬਾਵਜੂਦ ਏਅਰਲਾਈਨ ਵੱਲੋਂ ਉਨ੍ਹਾਂ ਨੂੰ ਬਿਨਾਂ ਕਿਸੇ ਸਹਿਮਤੀ ਦੇ ਇਕਾਨਮੀ ਕਲਾਸ ਵਿੱਚ ਭੇਜਣ ਅਤੇ ਵਿਰੋਧ ਕਰਨ ’ਤੇ ਜਹਾਜ਼ ਤੋਂ ਹੇਠਾਂ ਉਤਾਰਨ ਦੀ ਧਮਕੀ ਦੇਣ ਦਾ ਦੋਸ਼ ਲਾਇਆ ਹੈ।

ਜਾਂ ਜਹਾਜ਼ ਚ ਬੈਠੋ, ਜਾਂ ਹੇਠਾਂ ਉਤਰ ਜਾਓ
ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਆਪਣੀ ਭੜਾਸ ਕੱਢਦਿਆਂ ਏਅਰਲਾਈਨ ਸਟਾਫ਼ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਲਿਖਿਆ, “@AirCanada ਦੇ ਜਹਾਜ਼ AC1504 ’ਤੇ ਮੇਰਾ ਤਜ਼ਰਬਾ ਬਹੁਤ ਮਾੜਾ ਰਿਹਾ। ਮੈਂ ਬਿਜ਼ਨਸ ਕਲਾਸ ਲਈ ਪੈਸੇ ਦਿੱਤੇ ਸਨ ਪਰ ਉਨ੍ਹਾਂ ਨੇ ਮੈਨੂੰ ਇਕਾਨਮੀ ਵਿੱਚ ਬਿਠਾ ਦਿੱਤਾ। ਜਦੋਂ ਮੈਂ ਕਾਰਨ ਪੁੱਛਿਆ ਤਾਂ ਜਵਾਬ ਮਿਲਿਆ—’ਹੋ ਗਿਆ, ਅਸੀਂ ਕੁਝ ਨਹੀਂ ਕਰ ਸਕਦੇ, ਤੁਸੀਂ ਜਹਾਜ਼ ਲਵੋ ਜਾਂ ਛੱਡੋ।’ ਨਾ ਤਾਂ ਕੋਈ ਮਾਫ਼ੀ ਮੰਗੀ ਗਈ ਅਤੇ ਜਦੋਂ ਮੈਂ ਸਵਾਲ ਪੁੱਛਦਾ ਰਿਹਾ ਤਾਂ ਮਦਦ ਕਰਨ ਦੀ ਬਜਾਏ ਮੈਨੂੰ ਜਹਾਜ਼ ਤੋਂ ਬਾਹਰ ਕੱਢਣ ਦੀ ਧਮਕੀ ਦਿੱਤੀ ਗਈ।”
ਗਿੱਪੀ ਨੇ ਸਪੱਸ਼ਟ ਕੀਤਾ ਕਿ ਉਹ ਕੋਈ ਵਾਧੂ ਸਹੂਲਤ ਨਹੀਂ ਮੰਗ ਰਹੇ ਸਨ, ਸਿਰਫ਼ ਆਪਣੀ ਬਿਜ਼ਨਸ ਕਲਾਸ ਸੀਟ ਅਤੇ ਸਪੱਸ਼ਟੀਕਰਨ ਦੀ ਮੰਗ ਕਰ ਰਹੇ ਸਨ।

ਏਅਰਲਾਈਨ ਦਾ ਜਵਾਬ ਅਤੇ ਪ੍ਰਸ਼ੰਸਕਾਂ ਦਾ ਰੋਹ
ਇਸ ਮਾਮਲੇ ਦੇ ਵਾਇਰਲ ਹੋਣ ਤੋਂ ਬਾਅਦ ਏਅਰ ਕੈਨੇਡਾ ਨੇ ਗਿੱਪੀ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ, “ਹੈਲੋ, ਇਹ ਸੁਣ ਕੇ ਸਾਨੂੰ ਅਫ਼ਸੋਸ ਹੋਇਆ ਅਤੇ ਅਸੀਂ ਹੋਈ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ। ਕਿਰਪਾ ਕਰਕੇ ਆਪਣੇ ਬੁਕਿੰਗ ਵੇਰਵੇ ਅਤੇ ਪੂਰਾ ਨਾਮ ਡੀ.ਐੱਮ. (DM) ਕਰੋ ਤਾਂ ਜੋ ਅਸੀਂ ਇਸ ਦੀ ਜਾਂਚ ਕਰ ਸਕੀਏ।”

ਉੱਥੇ ਹੀ, ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਨੇ ਏਅਰਲਾਈਨ ਦੇ ਇਸ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ ਹੈ। ਕਈ ਯੂਜ਼ਰਸ ਨੇ ਸਲਾਹ ਦਿੱਤੀ ਕਿ ਆਪਣੇ ਹੱਕ ਲਈ ਏਅਰਲਾਈਨ ਵਿਰੁੱਧ ਕਾਨੂੰਨੀ ਕਾਰਵਾਈ (ਕੇਸ) ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਜੋ ਪੈਸਾ ਅਦਾ ਕੀਤਾ ਗਿਆ ਹੈ, ਉਸ ਬਦਲੇ ਬਣਦੀ ਸੇਵਾ ਦੇਣਾ ਕੰਪਨੀ ਦੀ ਜ਼ਿੰਮੇਵਾਰੀ ਹੈ।

Leave a Reply

Your email address will not be published. Required fields are marked *