ਤਪਾ ਮੰਡੀ (ਬਰਨਾਲਾ), 13 ਅਕਤੂਬਰ: ਤਪਾ ਮੰਡੀ ਦੇ ਇੱਕ ਹੋਟਲ ਵਿੱਚ ਬੀਤੇ ਦਿਨ ਪਹਿਲਾਂ ਆਪਣੀ ਪ੍ਰੇਮਿਕਾ ਦਾ ਕਥਿਤ ਕਤਲ ਕਰਕੇ ਫਰਾਰ ਹੋਏ ਮੁਲਜ਼ਮ ਦੀ ਪਿੰਡ ਕਰਾੜਵਾਲਾ ਦੇ ਖੇਤਾਂ ਵਿੱਚੋਂ ਭੇਤਭਰੀ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ। ਮੁੱਢਲੇ ਅੰਦਾਜ਼ੇ ਮੁਤਾਬਕ ਮੁਲਜ਼ਮ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕੀਤੀ ਜਾਪਦੀ ਹੈ, ਪਰ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਅਤੇ ਪੁਲਿਸ ਤਫ਼ਤੀਸ਼ ਤੋਂ ਬਾਅਦ ਹੀ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ, ਪਿੰਡ ਬਦਰਾ ਦੇ ਵਸਨੀਕ ਅਮਨਦੀਪ ਸਿੰਘ ਪੁੱਤਰ ਪਿਆਰਾ ਸਿੰਘ ਨੇ ਚਾਰ ਦਿਨ ਪਹਿਲਾਂ ਤਪਾ ਦੇ ਹੋਟਲ ਵਿੱਚ ਆਪਣੀ ਪ੍ਰੇਮਿਕਾ ਜਸਵੀਰ ਕੌਰ (ਵਾਸੀ ਤਪਾ) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਵਾਰਦਾਤ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਅਤੇ ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਫਰਾਰ ਹੋਣ ਮਗਰੋਂ ਅਮਨਦੀਪ ਸਿੰਘ ਕਰਾੜਵਾਲਾ ਦੇ ਖੇਤਾਂ ਵਿੱਚ ਇੱਕ ਟਿਊਬਵੈੱਲ ਦੀ ਮੋਟਰ ਕੋਲ ਲੁਕ ਗਿਆ, ਜਿੱਥੇ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਅੰਦਾਜ਼ਾ ਹੈ ਕਿ ਉਸ ਦੀ ਲਾਸ਼ ਪਿਛਲੇ ਦੋ-ਤਿੰਨ ਦਿਨਾਂ ਤੋਂ ਖੇਤ ਵਿੱਚ ਹੀ ਪਈ ਰਹੀ। ਜਦੋਂ ਖੇਤ ਮਾਲਕ ਗੇੜਾ ਮਾਰਨ ਆਇਆ ਤਾਂ ਉਸ ਨੇ ਉੱਥੇ ਲਾਸ਼ ਪਈ ਦੇਖ ਕੇ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਪਹਿਰਾਵੇ ਤੇ ਹੋਰ ਵੇਰਵਿਆਂ ਦੇ ਆਧਾਰ ’ਤੇ ਲਾਸ਼ ਦੀ ਸ਼ਨਾਖ਼ਤ ਕਤਲ ਮਾਮਲੇ ‘ਚ ਲੋੜੀਂਦੇ ਅਮਨਦੀਪ ਸਿੰਘ ਵਜੋਂ ਹੋਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ। Post navigation ਡਾ. ਮਨਪ੍ਰੀਤ ਸਿੱਧੂ ਮਲਟੀਸਪੈਸ਼ਲਿਟੀ ਹਸਪਤਾਲ ਬਰਨਾਲਾ ਐਮਰਜੈਂਸੀ ਸੇਵਾਵਾਂ ਦੇਣ ਵਿੱਚ ਮੋਹਰੀ; ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਵਾਜਬ ਰੇਟਾਂ ‘ਤੇ ਦਿੱਤਾ ਜਾ ਰਿਹਾ ਬਿਹਤਰੀਨ ਇਲਾਜ ਤਪਾ ਖੇਤਰ ਵਿੱਚ 15 ਅਕਤੂਬਰ ਨੂੰ ਬੰਦ ਰਹੇਗੀ ਬਿਜਲੀ ਸਪਲਾਈ, ਜਾਣੋ ਕਿਹੜੇ ਇਲਾਕੇ ਰਹਿਣਗੇ ਪ੍ਰਭਾਵਿਤ