ਨਵੀਂ ਦਿੱਲੀ / ਚੰਡੀਗੜ੍ਹ, 15 ਅਕਤੂਬਰ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਪੰਜਾਬ ਦੀ ਆਪ (AAP) ਸਰਕਾਰ ਨੂੰ ਘੇਰਦਿਆਂ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਨਸ਼ਿਆਂ ਖਿਲਾਫ ਆਵਾਜ਼ ਚੁੱਕਣਾ ਹੁਣ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ। ਰਾਹੁਲ ਗਾਂਧੀ ਨੇ ਆਪਣੇ ਪੇਜ ਰਾਹੀਂ ਪੰਜਾਬ ਦੀ ਸਥਿਤੀ ਬਿਆਨ ਕਰਦਿਆਂ ਕਈ ਮੁੱਖ ਘਟਨਾਵਾਂ ਦਾ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਨਸ਼ਾ ਰੋਕੋ, ਰੁਜ਼ਗਾਰ ਦਿਓ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਨੂੰ ਦਿਨਦਹਾੜੇ ਗੋਲੀ ਮਾਰ ਦਿੱਤੀ ਗਈ, ਜਿਸ ਦਾ ਸਾਰਾ ਮੰਜ਼ਰ ਇੱਕ ਫੇਸਬੁੱਕ ਲਾਈਵ ਵਿੱਚ ਸਾਫ਼ ਦਿਖਾਈ ਦਿੱਤਾ। ਇਸ ਤੋਂ ਇਲਾਵਾ, ਜਦੋਂ ਉਨ੍ਹਾਂ ਨੇ ਸ਼ਿਕਾਇਤ ਕੀਤੀ ਤਾਂ ਪੁਲਿਸ ਵੱਲੋਂ ਐੱਫ.ਆਈ.ਆਰ. ਦਰਜ ਹੋਣ ਦੇ ਬਾਵਜੂਦ ਬਾਅਦ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਵੀ ਮੁਲਜ਼ਮ ਬਣਾ ਦਿੱਤਾ ਗਿਆ। ਜਿਸ ਸਰਕਾਰ ਵਿੱਚ ਸ਼ਿਕਾਇਤ ਕਰਨ ਵਾਲਾ ਹੀ ਦੋਸ਼ੀ ਬਣ ਜਾਵੇ, ਉੱਥੇ ਨਸ਼ਾ ਤਸਕਰ ਕਿਉਂ ਨਾ ਬੇਖੌਫ਼ ਹੋਣ? ਰਾਹੁਲ ਗਾਂਧੀ ਨੇ ਕਿਹਾ ਕਿ ਸੰਗਰੂਰ ਵਿੱਚ ਮਜ਼ਦੂਰ ਗੁਲਜ਼ਾਰ ਸਿੰਘ ਨੇ ਇੱਕ ਮੰਤਰੀ ਦੇ ਸਾਹਮਣੇ ਪਿੰਡ ਵਿੱਚ ਨਸ਼ੇ ਦਾ ਗੰਭੀਰ ਸਵਾਲ ਚੁਕਿਆ। ਪਰਿਵਾਰ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਉਨ੍ਹਾਂ ‘ਤੇ ਲਗਾਤਾਰ ਮਾਫ਼ੀ ਮੰਗਣ ਦਾ ਦਬਾਅ ਬਣਾਇਆ ਗਿਆ, ਜਿਸ ਤੋਂ ਤੰਗ ਆ ਕੇ ਉਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ। ਇਸ ਤੋਂ ਇਲਾਵਾ ਸੰਗਰੂਰ ਵਿੱਚ ਹੀ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਮੋਹਨਜੀਤ ਸਿੰਘ ਉੱਤੇ ਹਿਰਾਸਤ ਵਿੱਚ ਤਸ਼ੱਦਦ ਦੇਣ ਦੇ ਗੰਭੀਰ ਦੋਸ਼ ਸਾਹਮਣੇ ਆਏ ਹਨ ਅਤੇ ਇਹ ਮਾਮਲਾ ਹੁਣ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਆਪਣੇ ਬਿਆਨ ਦੇ ਅੰਤ ਵਿੱਚ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਆਖ਼ਰ ਨਸ਼ਿਆਂ ਵਿਰੁੱਧ ਲੜਨ ਵਾਲੇ ਲੋਕਾਂ ਦੀ ਹਿਫ਼ਾਜ਼ਤ ਕੌਣ ਕਰੇਗਾ? ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਵਾਲੇ ਇਸ ਨਸ਼ੇ ਦੇ ਸਾਮਰਾਜ ਨੂੰ ਪੂਰੀ ਤਰ੍ਹਾਂ ਖ਼ਤਮ ਕੀਤੇ ਬਿਨਾਂ ਕਾਂਗਰਸ ਪਾਰਟੀ ਚੈਨ ਨਾਲ ਨਹੀਂ ਬੈਠੇਗੀ। Post navigation ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਅਹਿਮ ਮੀਟਿੰਗ ਕੀਤੀ Sidhu Moosewala ਦਾ ਨਵਾਂ ਗੀਤ ‘ਕਾਲੀ ਹੁੱਡੀ’ ਰਿਲੀਜ਼; Bohemia ਨਾਲ ਜੁਗਲਬੰਦੀ, 2 ਘੰਟਿਆਂ ‘ਚ 7 ਲੱਖ ਤੋਂ ਵੱਧ ਵਾਰ ਦੇਖਿਆ ਗਿਆ