ਜੀਵਨ ਸਿੰਘ ਬਗੀਚੀ ਵਾਲਾ ਦੇ ਪ੍ਰਚਾਰ ਤੇ ਕੀਰਤਨ ’ਤੇ ਰੋਕ ਅੰਮ੍ਰਿਤਸਰ, 16 ਅਕਤੂਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਅਹਿਮ ਇਕੱਤਰਤਾ ਦੌਰਾਨ ਦੋ ਵੱਡੇ ਫ਼ੈਸਲੇ ਲਏ ਗਏ ਹਨ। ਪੰਜ ਸਿੰਘ ਸਾਹਿਬਾਨ ਨੇ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ (ਲੁਧਿਆਣਾ) ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਗੁਰੂ ਘਰ ਅਤੇ ਸਿੱਖ ਸਿਧਾਂਤਾਂ ਵਿਰੁੱਧ ਝੂਠਾ ਬਿਰਤਾਂਤ ਸਿਰਜਣ ਦੇ ਦੋਸ਼ ਹੇਠ ਤਨਖ਼ਾਹੀਆ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਵਿਵਾਦਤ ਬਿਆਨਬਾਜ਼ੀ ਕਰਨ ਵਾਲੇ ਜੀਵਨ ਸਿੰਘ ਬਗੀਚੀ ਵਾਲਾ ਦੇ ਕੀਰਤਨ ਅਤੇ ਪ੍ਰਚਾਰ ਕਰਨ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਵਿਧਾਇਕ ਗਿਆਸਪੁਰਾ ਵਿਰੁੱਧ ਕਾਰਵਾਈ ਦਾ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਅਨੁਸਾਰ, ਬੀਤੀ 12 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਸਕੱਤਰੇਤ ਵਿਖੇ ਪਹੁੰਚੇ ਸਨ। ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਹਿਲਾਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਸੰਸਥਾਵਾਂ ਖ਼ਿਲਾਫ਼ ਕੀਤੀ ਗਈ ਅਪਮਾਨਜਨਕ ਸ਼ਬਦਾਵਲੀ ਦੇ ਮੱਦੇਨਜ਼ਰ ਉਨ੍ਹਾਂ ਨੂੰ ਸਕੱਤਰੇਤ ਅੰਦਰ ਆਉਣ ਤੋਂ ਰੋਕਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਗਿਆਸਪੁਰਾ ਨੇ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ’ਤੇ ਜਾਤੀ ਵਿਤਕਰੇ ਦੇ ਝੂਠੇ ਦੋਸ਼ ਲਾਏ ਅਤੇ ਪਵਿੱਤਰ ਅਸਥਾਨ ਬਾਰੇ ਘਟੀਆ ਸ਼ਬਦਾਵਲੀ ਵਰਤੀ। 16 ਅਕਤੂਬਰ ਨੂੰ ਪਹੁੰਚੇ ਹੋਰਨਾਂ ਵਿਧਾਇਕਾਂ ਦੇ ਵਫ਼ਦ ਨੇ ਵੀ ਸਪੱਸ਼ਟ ਕੀਤਾ ਕਿ ਉਸ ਦਿਨ ਅਜਿਹਾ ਕੋਈ ਵਿਤਕਰਾ ਨਹੀਂ ਹੋਇਆ ਸੀ ਅਤੇ ਗਿਆਸਪੁਰਾ ਨੇ ਨਿੱਜੀ ਸਿਆਸੀ ਲਾਭ ਲਈ ਜਾਣਬੁੱਝ ਕੇ ਜਾਤ-ਪਾਤ ਦਾ ਮੁੱਦਾ ਬਣਾਇਆ। ਕਿਹਾ ਗਿਆ ਹੈ ਕਿ ਅੱਜ ਮਿਤੀ 16 ਅਕਤੂਬਰ 2026 ਨੂੰ ਵਫ਼ਦ ਰੂਪ ਵਿਚ ਆਏ ਵਿਧਾਇਕਾਂ ਨੇ ਮੰਨਿਆ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਜਾਣਬੁੱਝ ਕੇ ਜਾਤ ਦਾ ਮੁੱਦਾ ਬਣਾਇਆ, ਜਦਕਿ ਉਸ ਦਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ। ਮਨਵਿੰਦਰ ਸਿੰਘ ਗਿਆਸਪੁਰਾ ਨਿੱਜੀ ਸਿਆਸੀ ਲਾਭ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸਿੱਖ ਸਿਧਾਂਤ “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥” ਦੇ ਉਲਟ ਚੱਲਿਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਜਾਤ-ਪਾਤ, ਊਚ-ਨੀਚ, ਭੇਦ-ਭਾਵ, ਛੂਤ-ਛਾਤ, ਨਸਲ ਭੇਦ, ਰੰਗ ਭੇਦ ਆਦਿ ਵਿਤਕਰੇ ਖਤਮ ਕੀਤੇ ਹਨ। ਪਰ ਇਸ ਨੇ ਅੰਮ੍ਰਿਤਧਾਰੀ ਹੋ ਕੇ ਜਾਤ ਪਾਤ ਅਧਾਰਤ ਝੂਠਾ ਤੇ ਨਫ਼ਰਤ ਫਲਾਉਣ ਦਾ ਬਿਰਤਾਂਤ ਸਿਰਜਿਆ ਹੈ, ਜਿਸ ਕਰਕੇ ਬਹੁਤ ਸਾਰੇ ਸਿੱਖ ਵਿਰੋਧੀ ਅਨਸਰਾਂ ਨੇ ਸਿੱਖ ਸੰਥਾਵਾਂ ਤੇ ਸਿੱਖ ਧਰਮ ਦੇ ਖਿਲਾਫ ਝੂਠਾ ਪ੍ਰਾਪੇਗੰਡਾ ਸ਼ੁਰੂ ਕੀਤਾ। ਇਸ ਨੇ ਸੱਚ ਦੇ ਤਖ਼ਤ ਅਤੇ ਮਨੁੱਖਤਾ ਨੂੰ ਕਲਾਵੇ ਵਿਚ ਲੈਣ ਵਾਲੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਬਾਰੇ ਕੁਫ਼ਰ ਤੋਲਿਆ ਹੈ। ਇਸ ਦਾ ਗੁਨਾਹ ਬਹੁਤ ਗੰਭੀਰ ਅਤੇ ਸਿੱਖ ਸਿਧਾਂਤਾਂ ਨੂੰ ਢਾਹ ਲਗਾਉਣ ਵਾਲਾ ਹੈ, ਇਸ ਲਈ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਸਿੱਖ ਇਸ ਨਾਲ ਸਾਂਝ ਰੱਖਣ ਤੋਂ ਗੁਰੇਜ ਕਰਨ।” ਜੀਵਨ ਸਿੰਘ ਬਗੀਚੀ ਵਾਲਾ ’ਤੇ ਪਾਬੰਦੀ ਅਕਾਲ ਤਖ਼ਤ ਵੱਲੋਂ ਜਾਰੀ ਆਦੇਸ਼ ਵਿਚ ਕਿਹਾ ਗਿਆ ਹੈ ਕਿ, “ਅੱਜ ਮਿਤੀ 30 ਅੱਸੂ ਨਾਨਕਸ਼ਾਹੀ ਸੰਮਤ 558 ਮੁਤਾਬਕ 16 ਅਕਤੂਬਰ 2026 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਜਿਸ ਵਿਚ ਜੀਵਨ ਸਿੰਘ ਬਗੀਚੀ ਵਾਲੇ ਨਾਮਕ ਆਪੇ ਬਣੇ ਪ੍ਰਚਾਰਕ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਗੁਰਬਾਣੀ ਸਿੱਖ ਰਵਾਇਤਾਂ, ਸਿੱਖ ਰਹਿਤ ਮਰਿਆਦਾ, ਸਿੱਖ ਇਤਿਹਾਸ ਦੇ ਉਲਟ ਕੀਤੀਆਂ ਜਾ ਰਹੀਆਂ ਵਿਵਾਦਤ ਟਿੱਪਣੀਆਂ, ਚਵਰ ਛਤਰ ਤਖ਼ਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਦੇਣ ਦੇ ਮਸਲੇ ਨੂੰ ਵਿਚਾਰਿਆ ਗਿਆ।ਇਹ ਵਿਚਾਰ ਹੋਈ ਹੈ ਕਿ ਜੀਵਨ ਸਿੰਘ ਬਗੀਚੀ ਵਾਲੇ ਨੂੰ ਗੁਰਬਾਣੀ ਸਿੱਖ ਇਤਿਹਾਸ, ਸਿੱਖ ਰਵਾਇਤਾਂ, ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਆਸ਼ੇ ਅਨੁਸਾਰ ਸੋਝੀ ਨਹੀਂ ਹੈ।ਇਸ ਲਈ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ/ਕੀਰਤਨ ਕਰਨ ’ਤੇ ਰੋਕ ਲਗਾਈ ਜਾਂਦੀ ਹੈ। Post navigation Sidhu Moosewala ਦਾ ਨਵਾਂ ਗੀਤ ‘ਕਾਲੀ ਹੁੱਡੀ’ ਰਿਲੀਜ਼; Bohemia ਨਾਲ ਜੁਗਲਬੰਦੀ, 2 ਘੰਟਿਆਂ ‘ਚ 7 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਪੁਲਿਸ ਯਾਦਗਾਰੀ ਦਿਵਸ ਪੀ.ਏ.ਪੀ. ਹੈੱਡਕੁਆਰਟਰ ਵਿਖੇ ਮਨਾਇਆ ਗਿਆ; ਡੀਜੀਪੀ ਗੌਰਵ ਯਾਦਵ ਵੱਲੋਂ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ