‘ਬਰਨਾਲਾ, 31 ਅਕਤੂਬਰ:

ਆਮ ਆਦਮੀ ਪਾਰਟੀ ਵੱਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਗਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਜ਼ਿਲ੍ਹਾ ਬਰਨਾਲਾ ਦੇ ਸਿਆਸੀ ਸਮੀਕਰਨ ਵੀ ਸਾਹਮਣੇ ਆ ਗਏ ਹਨ। ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ — ਭਦੌੜ, ਮਹਿਲ ਕਲਾਂ ਅਤੇ ਬਰਨਾਲਾ ਵਿੱਚੋਂ ਪਾਰਟੀ ਨੇ ਦੋ ਸੀਟਾਂ ‘ਤੇ ਮੌਜੂਦਾ ਵਿਧਾਇਕਾਂ ਨੂੰ ਮੁੜ ਉਮੀਦਵਾਰ ਬਣਾਇਆ ਹੈ, ਜਦਕਿ ਬਰਨਾਲਾ ਸੀਟ ਨੂੰ ਫਿਲਹਾਲ ਪਹਿਲੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ।

ਸੂਚੀ ਅਨੁਸਾਰ, ਭਦੌੜ ਅਸੈਂਬਲੀ ਹਲਕੇ ਤੋਂ ਮੌਜੂਦਾ ਵਿਧਾਇਕ ਲਾਭ ਸਿੰਘ ਉਗੋਕੇ ‘ਤੇ ਪਾਰਟੀ ਨੇ ਮੁੜ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸੇ ਤਰ੍ਹਾਂ ਮਹਿਲ ਕਲਾਂ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਵੀ ਮੁੜ ‘ਆਪ’ ਦਾ ਉਮੀਦਵਾਰ ਐਲਾਨਿਆ ਗਿਆ ਹੈ।

ਬਰਨਾਲਾ ਸੀਟ ਨੂੰ ਪਹਿਲੀ ਸੂਚੀ ਵਿੱਚ ਸ਼ਾਮਲ ਨਾ ਕੀਤੇ ਜਾਣ ਦੇ ਸਿਆਸੀ ਮਾਇਨੇ ਕਾਫ਼ੀ ਅਹਿਮ ਮੰਨੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਬਰਨਾਲਾ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਮੌਜੂਦਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਵੱਡਾ ਸਿਆਸੀ ਅਧਾਰ ਤੇ ਚੰਗਾ ਰਸੂਖ ਹੈ। ਹਾਲਾਂਕਿ, ਮੀਤ ਹੇਅਰ ਦੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਹੋਈ ਬਰਨਾਲਾ ਜ਼ਿਮਨੀ ਚੋਣ (ਉਪ-ਚੋਣ) ਵਿੱਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਇਸ ਉਪ-ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ‘ਕਾਲਾ ਢਿੱਲੋਂ’ ਨੇ ਜਿੱਤ ਦਰਜ ਕੀਤੀ ਸੀ, ਜੋ ਇਸ ਵੇਲੇ ਬਰਨਾਲਾ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਹਨ।

ਜ਼ਿਮਨੀ ਚੋਣ ਵਿੱਚ ਹੋਈ ਹਾਰ ਅਤੇ ਕਾਂਗਰਸ ਦੇ ਮਜ਼ਬੂਤ ਕਬਜ਼ੇ ਤੋਂ ਬਾਅਦ ਆਪ ਪਾਰਟੀ ਹੁਣ ਬਰਨਾਲਾ ਸੀਟ ‘ਤੇ ਫੂਕ-ਫੂਕ ਕੇ ਕਦਮ ਧਰ ਰਹੀ ਹੈ। ਲੋਕ ਸਰਵੇਖਣ ਦੇ ਆਧਾਰ ‘ਤੇ ਹੋਈ ਟਿਕਟਾਂ ਦੀ ਵੰਡ: ਭਗਵੰਤ ਮਾਨਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਪੂਰੀ ਤਰ੍ਹਾਂ ਜਨਤਾ ਦੇ ਫੀਡਬੈਕ ਅਤੇ ਸਰਵੇਖਣ ‘ਤੇ ਆਧਾਰਿਤ ਹੈ। ਜਿਨ੍ਹਾਂ ਆਗੂਆਂ ਨੂੰ ਹਲਕੇ ਦੇ ਲੋਕਾਂ ਦਾ ਪੂਰਾ ਸਮਰਥਨ ਮਿਲਿਆ ਹੈ, ਉਨ੍ਹਾਂ ਨੂੰ ਹੀ ਦੁਬਾਰਾ ਮੈਦਾਨ ‘ਚ ਉਤਾਰਿਆ ਗਿਆ ਹੈ।

ਕਾਂਗਰਸ ‘ਤੇ ਚੋਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਵੱਲੋਂ ਸਮੇਂ ਸਿਰ ਉਮੀਦਵਾਰ ਐਲਾਨਣ ਨਾਲ ਨੇਤਾਵਾਂ ਨੂੰ ਲੋਕਾਂ ਦੇ ਵਿਚਕਾਰ ਜਾਣ ਦਾ ਪੂਰਾ ਮੌਕਾ ਮਿਲੇਗਾ, ਜਦਕਿ ਕਾਂਗਰਸ ਪਾਰਟੀ ਅੰਦਰੂਨੀ ਬਗ਼ਾਵਤ ਦੇ ਡਰੋਂ ਚੋਣਾਂ ਤੱਕ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨ ਤੋਂ ਝਿਜਕਦੀ ਰਹਿੰਦੀ ਹੈ।

Leave a Reply

Your email address will not be published. Required fields are marked *