Ludhiana Bandh

ਜਲੰਧਰ ਬਾਈਪਾਸ ਚੌਂਕ ਸਥਿਤ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਨਾਲ ਹੋਈ ਬੇਅਦਬੀ ਦੇ ਵਿਰੋਧ ਵਿੱਚ ਦਲਿਤ ਅਤੇ ਵਾਲਮੀਕਿ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਲੁਧਿਆਣਾ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮੁਕੰਮਲ ਬੰਦ ਰਿਹਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕੌਮੀ ਰਾਜਮਾਰਗ-44 (NH-44) ਦਾ ਇੱਕ ਹਿੱਸਾ ਜਾਮ ਕਰ ਦਿੱਤੇ ਜਾਣ ਕਾਰਨ ਦਿੱਲੀ ਅਤੇ ਜਲੰਧਰ ਵਿਚਾਲੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ।

ਦਿਨ ਭਰ ਚੱਲੇ ਇਸ ਬੰਦ ਦੌਰਾਨ ਸ਼ਹਿਰ ਦੇ ਪ੍ਰਮੁੱਖ ਬਜ਼ਾਰ ਬੰਦ ਰਹੇ ਅਤੇ ਹਾਈਵੇਅ ‘ਤੇ ਦੋਵੇਂ ਪਾਸੇ ਬੱਸਾਂ, ਟਰੱਕਾਂ ਅਤੇ ਕਾਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜਾਮ ਵਿੱਚ ਫਸੇ ਸੈਂਕੜੇ ਮੁਸਾਫ਼ਰਾਂ, ਮਰੀਜ਼ਾਂ ਅਤੇ ਮਾਲ ਲੈ ਕੇ ਜਾ ਰਹੇ ਟਰੱਕ ਚਾਲਕਾਂ ਨੂੰ ਘੰਟਿਆਂ ਬੱਧੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਬੇਅਦਬੀ ਮਗਰੋਂ ਭੜਕਿਆ ਰੋਸ

ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ ਸੀ। ਇੱਕ ਰਾਹਗੀਰ ਵੱਲੋਂ ਬੁੱਤ ਦੀ ਬੇਅਦਬੀ ਦੇਖਣ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਨੂੰ ਸੂਚਿਤ ਕੀਤਾ ਗਿਆ, ਜਿਸ ਮਗਰੋਂ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਵਕੀਲ ਨਰਿੰਦਰ ਆਦੀਆ ਅਤੇ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਇਸੇ ਥਾਂ ‘ਤੇ ਪਹਿਲਾਂ ਵੀ ਅਜਿਹੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸੁਰੱਖਿਆ ਅਤੇ ਸੀਸੀਟੀਵੀ ਕੈਮਰੇ ਲਗਾਉਣ ਦਾ ਵਾਅਦਾ ਕੀਤਾ ਸੀ ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।

ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਲੇਮ ਟਾਬਰੀ ਦੀ ਪੁਲੀਸ ਅਤੇ ਉੱਚ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ ‘ਤੇ ਪਹੁੰਚ ਗਏ ਸਨ। ਪੁਲੀਸ ਨੇ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਸਖ਼ਤ ਪ੍ਰਬੰਧ ਕੀਤੇ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Leave a Reply

Your email address will not be published. Required fields are marked *