-ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਚੀਮਾ ‘ਤੇ ਸਾਧਿਆ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਅਤੇ ਲੀਡਰਸ਼ਿਪ ਵਿਰੁੱਧ ਤਿੱਖਾ ਹਮਲਾ ਕਰਦਿਆਂ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ‘ਆਪ’ ਦੇ ਘਪਲੇ ਅਤੇ ਨਾਕਾਮੀਆਂ ਜੱਗ-ਜ਼ਾਹਿਰ ਹੁੰਦੀਆਂ ਹਨ, ਇਹ ਤੁਰੰਤ ਮੀਡੀਆ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਡਰਾਮੇਬਾਜ਼ੀ ਸ਼ੁਰੂ ਕਰ ਦਿੰਦੇ ਹਨ। ਸੋਸ਼ਲ ਮੀਡੀਆ X ਤੇ ਪੋਸਟ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਜਾਂਚ ਟੀਮ (SIT) ਦੀਆਂ ਕਾਰਵਾਈਆਂ ਨੂੰ ਸਿਰਫ਼ ਇੱਕ ਸਿਆਸੀ ਤਮਾਸ਼ਾ ਕਰਾਰ ਦਿੰਦਿਆਂ ਕਿਹਾ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਕਦੇ ਨਹੀਂ ਡਰੇ। ਉਨ੍ਹਾਂ ਕਿਹਾ, “ਉਨ੍ਹਾਂ ਦਾ ਮਕਸਦ ਅਸਲ ਦੋਸ਼ੀਆਂ ਨੂੰ ਫੜਨਾ ਨਹੀਂ, ਸਗੋਂ ਨਫ਼ਰਤ ਦੀ ਰਾਜਨੀਤੀ ਕਰਨਾ ਹੈ।” ‘ਆਪ’ ਦੀ ਹਾਲ ਹੀ ਵਿੱਚ ਐਲਾਨੀ ਗਈ ਕੌਮੀ ਕਾਰਜਕਾਰਨੀ ‘ਤੇ ਵਰ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ, “ਜ਼ਰਾ ਦੇਖੋ ਇਹਨਾਂ ਨੇ ਆਪਣੀ ਕੌਮੀ ਕਾਰਜਕਾਰਨੀ ਵਿੱਚ ਕਿਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਹੈ। ਸਾਰੇ ‘ਡਾਕੂਆਂ’ ਨੂੰ ਅਹੁਦੇ ਦਿੱਤੇ ਗਏ ਹਨ। ਇਹ ਕੋਈ ਸਿਆਸੀ ਕਮੇਟੀ ਨਹੀਂ, ਸਗੋਂ ਅਸਲ ਵਿੱਚ ਇੱਕ ‘ਮਨੀ ਲਾਂਡਰਿੰਗ ਕਮੇਟੀ’ ਹੈ। ਚਾਹੇ ਬਿਭਵ ਹੋਵੇ ਜਾਂ ਰਾਜਬੀਰ, ਪੁਲੀਸ ਅਤੇ ਈਡੀ ਵਰਗੀਆਂ ਜਾਂਚ ਏਜੰਸੀਆਂ ਸਭ ਦੇ ਪਿੱਛੇ ਲੱਗੀਆਂ ਹੋਈਆਂ ਹਨ।” ਅਕਾਲੀ ਦਲ ਦੇ ਪ੍ਰਧਾਨ ਨੇ ਸੰਗਰੂਰ ਦੇ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਿੱਧੇ ਤੌਰ ’ਤੇ ਕਟਹਿਰੇ ਵਿੱਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ‘ਆਪ’ ਦੋਸ਼ੀਆਂ ਨੂੰ ਵੱਡੇ ਅਹੁਦਿਆਂ ਨਾਲ ਨਿਵਾਜ ਰਹੀ ਹੈ ਅਤੇ ਦੂਜੇ ਪਾਸੇ ਇੱਕ ਗ਼ਰੀਬ ਦਲਿਤ ਪਿਤਾ ਗੁਲਜ਼ਾਰ ਸਿੰਘ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪਰਿਵਾਰ ਨੇ ਖ਼ੁਦ ਪੁਸ਼ਟੀ ਕੀਤੀ ਹੈ ਕਿ ਗੁਲਜ਼ਾਰ ਸਿੰਘ ਦਾ ਸਸਕਾਰ ਜਲਦਬਾਜ਼ੀ ਵਿੱਚ ਦਬਾਅ ਪਾ ਕੇ ਕਰਵਾਇਆ ਗਿਆ। ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮ੍ਰਿਤਕ ਨੇ ਆਪਣੇ ਆਖ਼ਰੀ ਬਿਆਨ ਵਿੱਚ ਹਰਪਾਲ ਚੀਮਾ ਦਾ ਸਪੱਸ਼ਟ ਨਾਂ ਲਿਆ ਹੈ, ਜਿਸ ਤੋਂ ਬਾਅਦ ਕਿਸੇ ਹੋਰ ਸਬੂਤ ਦੀ ਲੋੜ ਨਹੀਂ ਰਹਿ ਜਾਂਦੀ ਅਤੇ ਚੀਮਾ ਇਸ ਮਾਮਲੇ ਵਿੱਚ ਆਪਣੀ ਜਵਾਬਦੇਹੀ ਤੇ ਕਾਰਵਾਈ ਤੋਂ ਬਚ ਨਹੀਂ ਸਕਦੇ। Post navigation ਅਮਰੀਕਾ ‘ਚ ‘Mr. Singh’ ਵਾਲੇ ਵਿਵਾਦਤ ਪੋਸਟਰ ‘ਤੇ ਭੜਕਿਆ ਸਿੱਖ ਭਾਈਚਾਰਾ; BJP ਨੇ ਵੀ ਚੁੱਕੇ ਸਖ਼ਤ ਸਵਾਲ Barnala: ਪੀਏਯੂ ਫਾਰਮ ਸਲਾਹਕਾਰ ਸੇਵਾ ਕੇਂਦਰ ਤੇ ਖੇਤੀਬਾੜੀ ਵਿਭਾਗ ਵੱਲੋਂ ਕਾਲੇਕੇ ਵਿੱਚ ਪਰਾਲੀ ਪ੍ਰਬੰਧਨ ਕੈਂਪ