"GET OFF OUR ROADS, YOU DON'T KNOW HOW TO DRIVE MR. SINGH"

ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਓਰਿਟੀ (DHS) ਵੱਲੋਂ ਚਲਾਈ ਜਾ ਰਹੀ ਸੈਲਫ-ਡੀਪੋਰਟੇਸ਼ਨ (ਖ਼ੁਦ ਦੇਸ਼ ਛੱਡਣ) ਮੁਹਿੰਮ ਤਹਿਤ ਜਾਰੀ ਕੀਤੇ ਗਏ ਇੱਕ ਇਸ਼ਤਿਹਾਰੀ ਪੋਸਟਰ ਨੂੰ ਲੈ ਕੇ ਵੱਡਾ ਬਖੇੜਾ ਖੜ੍ਹਾ ਹੋ ਗਿਆ ਹੈ। ਇਸ ਪੋਸਟਰ ਵਿੱਚ ‘ਟਰਾਂਸਫਾਰਮਰਜ਼’ ਸਟਾਈਲ ਵਾਲੀ ਚਿਤਾਵਨੀ ਦਿੰਦਿਆਂ ਲਿਖਿਆ ਗਿਆ ਸੀ: “ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ, ਮਿਸਟਰ ਸਿੰਘ।” ਇਸ ਬਿਆਨਬਾਜ਼ੀ ਤੋਂ ਬਾਅਦ ਵਿਸ਼ਵ ਭਰ ਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੇ ਇਸਨੂੰ ਨਸਲੀ ਵਿਤਕਰਾ ਅਤੇ ਇੱਕ ਖ਼ਾਸ ਵਰਗ ਨੂੰ ਗ਼ਲਤ ਢੰਗ ਨਾਲ ਨਿਸ਼ਾਨਾ ਬਣਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ।

ਇਸ ਮੁਹਿੰਮ ਦਾ ਵਿਰੋਧ ਸਿਰਫ਼ ਆਮ ਲੋਕਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਹਿੰਦੂ ਅਮਰੀਕਨ ਫਾਊਂਡੇਸ਼ਨ ਸਮੇਤ ਕਈ ਭਾਰਤੀ-ਅਮਰੀਕੀ ਜਥੇਬੰਦੀਆਂ ਅਤੇ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਇਸਨੂੰ ਅਸਵੀਕਾਰਨਯੋਗ ਅਤੇ ਰੂੜ੍ਹੀਵਾਦੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਸਿੰਘ’ ਸਰਨੇਮ ਨੂੰ ਲਾਪਰਵਾਹ ਡਰਾਈਵਿੰਗ ਜਾਂ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਨਾਲ ਜੋੜਨਾ ਪੂਰੇ ਭਾਈਚਾਰੇ ਦੀ ਅਣਖ ‘ਤੇ ਹਮਲਾ ਹੈ।

ਦੂਜੇ ਪਾਸੇ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀ ਇਸ ਮੁੱਦੇ ‘ਤੇ ਸਖ਼ਤ ਇਤਰਾਜ਼ ਦਰਜ ਕਰਵਾਇਆ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਨੂੰ ਆਪਣੇ ਇਮੀਗ੍ਰੇਸ਼ਨ ਨਿਯਮ ਲਾਗੂ ਕਰਨ ਦਾ ਹੱਕ ਹੈ, ਪਰ ਕਾਨੂੰਨ ਲਾਗੂ ਕਰਨ ਦੀ ਆੜ ਵਿੱਚ ਧਾਰਮਿਕ ਜਾਂ ਨਸਲੀ ਭੇਦਭਾਵ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਸਵਾਲ ਉਠਾਇਆ ਕਿ ਕੀ ਅਮਰੀਕਾ ਸਿੱਖਾਂ ਦੇ ਇਤਿਹਾਸਕ ਯੋਗਦਾਨ ਨੂੰ ਭੁੱਲ ਗਿਆ ਹੈ? ਉਨ੍ਹਾਂ ਯਾਦ ਕਰਵਾਇਆ ਕਿ ਫਾਈਬਰ ਆਪਟਿਕਸ ਦੇ ਖੋਜੀ ਡਾ. ਨਰਿੰਦਰ ਸਿੰਘ ਕਪਾਨੀ, ਅਮਰੀਕੀ ਕਾਂਗਰਸ ‘ਚ ਪਹੁੰਚਣ ਵਾਲੇ ਪਹਿਲੇ ਏਸ਼ੀਆਈ ਦਲੀਪ ਸਿੰਘ ਸੌਂਦ ਅਤੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਸਿੱਖ ਫ਼ੌਜੀ ਭਗਤ ਸਿੰਘ ਥਿੰਦ ਵਰਗੀਆਂ ਸ਼ਖ਼ਸੀਅਤਾਂ ਨੇ ਅਮਰੀਕਾ ਦੀ ਤਰੱਕੀ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਸਿੱਖ ਭਾਈਚਾਰੇ ਨੇ ਸਿਰਫ਼ ਟਰਾਂਸਪੋਰਟ ਖੇਤਰ ਵਿੱਚ ਹੀ ਨਹੀਂ, ਸਗੋਂ ਵਿਗਿਆਨ, ਖੇਤੀਬਾੜੀ, ਫ਼ੌਜ ਅਤੇ ਸਿਆਸਤ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ, ਇਸ ਲਈ ਕਿਸੇ ਵੀ ਸਰਕਾਰੀ ਮੁਹਿੰਮ ਵਿੱਚ ਉਹਨਾਂ ਦਾ ਮਜ਼ਾਕ ਉਡਾਉਣਾ ਨਿੰਦਣਯੋਗ ਹੈ।

Leave a Reply

Your email address will not be published. Required fields are marked *