-ਵਿਦਿਆਰਥੀਆਂ ਤੇ ਸਿਖਿਆਰਥਣਾਂ ਨੂੰ ਸਵੈ-ਨਿਰਭਰ ਬਣਨ ਲਈ ਕੀਤਾ ਪ੍ਰੇਰਿਤ

ਤਪਾ ਮੰਡੀ

ਸਾਬਕਾ ਕੇਂਦਰੀ ਕੈਬਨਿਟ ਮੰਤਰੀ ਸ਼੍ਰੀ ਪਵਨ ਕੁਮਾਰ ਬਾਂਸਲ ਨੇ ਅੱਜ ਆਪਣੀ ਜਨਮ ਭੂਮੀ ਤਪਾ ਮੰਡੀ ਵਿਖੇ ਮਾਤਾ ਦਾਤੀ ਮਾਰਗ ਸਥਿਤ ਬਿਊਨ ਫਾਊਂਡੇਸ਼ਨ ਦੇ ‘ਪਿਆਰਾ ਲਾਲ ਰੁਕਮਣੀ ਦੇਵੀ ਯੁਵਾ ਵਿਕਾਸ ਕੇਂਦਰ’ ਦਾ ਵਿਸ਼ੇਸ਼ ਦੌਰਾ ਕੀਤਾ। ਇਹ ਕੇਂਦਰ ਸ਼੍ਰੀ ਬਾਂਸਲ ਵੱਲੋਂ ਇਲਾਕੇ ਦੇ ਨੌਜਵਾਨਾਂ ਅਤੇ ਔਰਤਾਂ ਦੇ ਸਰਬਪੱਖੀ ਵਿਕਾਸ ਲਈ ਸ਼ੁਰੂ ਕੀਤੀ ਗਈ ਇੱਕ ਅਹਿਮ ਪਹਿਲਕਦਮੀ ਹੈ।

ਦੌਰੇ ਦੌਰਾਨ ਸ਼੍ਰੀ ਬਾਂਸਲ ਨੇ ਕੇਂਦਰ ਵਿੱਚ ਚੱਲ ਰਹੀ ਲਾਇਬ੍ਰੇਰੀ ਅਤੇ ਸਿਲਾਈ ਸਿਖਲਾਈ ਸੈਂਟਰ ਦਾ ਨਿਰੀਖਣ ਕੀਤਾ। ਉਨ੍ਹਾਂ ਉੱਥੇ ਮੌਜੂਦ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਸੁਵਿਧਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਸਿਲਾਈ ਸੈਂਟਰ ਵਿੱਚ ਸਿਖਲਾਈ ਲੈ ਰਹੀਆਂ ਲੜਕੀਆਂ ਅਤੇ ਮਹਿਲਾ ਸਿਖਿਆਰਥਣਾਂ ਨਾਲ ਰੂ-ਬ-ਰੂ ਹੁੰਦਿਆਂ ਕਿਹਾ ਕਿ ਇੱਕ ਔਰਤ ਦਾ ਸਵੈ-ਨਿਰਭਰ ਹੋਣਾ ਪੂਰੇ ਪਰਿਵਾਰ ਦੀ ਤਰੱਕੀ ਦੀ ਨੀਂਹ ਰੱਖਦਾ ਹੈ। ਉਨ੍ਹਾਂ ਨੇ ਔਰਤਾਂ ਨੂੰ ਹੁਨਰਮੰਦ ਬਣ ਕੇ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਨ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਪ੍ਰਵੀਨ ਕੁਮਾਰ ਗੋਇਲ ਨੇ ਵੀ ਸਿਖਿਆਰਥਣਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਕਿੱਤਾਮੁਖੀ ਕੋਰਸ ਪੇਂਡੂ ਤੇ ਸ਼ਹਿਰੀ ਖੇਤਰ ਦੀਆਂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਸ਼੍ਰੀ ਬਾਂਸਲ ਵੱਲੋਂ ਇਲਾਕੇ ਦੀ ਭਲਾਈ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਇਹਨਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।

ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸ਼ਾਂਤ ਵਾਤਾਵਰਣ ਮੁਹੱਈਆ ਕਰਵਾ ਰਹੀ ਹੈ ਲਾਇਬ੍ਰੇਰੀ


ਕੇਂਦਰ ਵਿੱਚ ਸਥਾਪਿਤ ਲਾਇਬ੍ਰੇਰੀ ਦਾ ਦੌਰਾ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਸ਼੍ਰੀ ਬਾਂਸਲ ਨੇ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਦੌਰ ਵਿੱਚ ਨੌਜਵਾਨਾਂ ਨੂੰ ਸਹੀ ਸੇਧ ਅਤੇ ਸਾਧਨ ਮੁਹੱਈਆ ਕਰਵਾਉਣਾ ਬੇਹੱਦ ਜ਼ਰੂਰੀ ਹੈ। ਇਸ ਲਾਇਬ੍ਰੇਰੀ ਦਾ ਮਕਸਦ ਇਲਾਕੇ ਦੇ ਨੌਜਵਾਨਾਂ ਨੂੰ ਸ਼ਾਂਤ ਤੇ ਪ੍ਰੇਰਨਾਦਾਇਕ ਪੜ੍ਹਾਈ ਦਾ ਮਾਹੌਲ ਦੇਣਾ ਹੈ, ਜਿੱਥੇ ਉਹ ਕੰਪੀਟੀਸ਼ਨ ਇਮਤਿਹਾਨਾਂ ਦੀਆਂ ਕਿਤਾਬਾਂ, ਰੋਜ਼ਾਨਾ ਅਖ਼ਬਾਰਾਂ ਅਤੇ ਮੈਗਜ਼ੀਨਾਂ ਰਾਹੀਂ ਉੱਚ ਸਿੱਖਿਆ ਤੇ ਸਰਕਾਰੀ ਨੌਕਰੀਆਂ ਦੀ ਬਿਹਤਰ ਤਿਆਰੀ ਕਰ ਸਕਣ।

ਜ਼ਿਕਰਯੋਗ ਹੈ ਕਿ ਇਸ ਯੂਵਾ ਵਿਕਾਸ ਕੇਂਦਰ ਅਧੀਨ ਲੜਕੀਆਂ ਨੂੰ ਆਧੁਨਿਕ ਮਸ਼ੀਨਾਂ ਰਾਹੀਂ ਤਜਰਬੇਕਾਰ ਟ੍ਰੇਨਰਾਂ ਵੱਲੋਂ 3 ਮਹੀਨੇ ਦਾ ਮੁਫ਼ਤ ਸਿਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਦੀ ਸਰੀਰਕ ਤੰਦਰੁਸਤੀ ਅਤੇ ਖੇਡਾਂ ਵੱਲ ਰੁਝਾਨ ਵਧਾਉਣ ਲਈ ਦੌੜਨ/ਸੈਰ ਕਰਨ ਲਈ 200 ਮੀਟਰ ਦਾ ਟਰੈਕ, ਵਾਲੀਬਾਲ ਗਰਾਊਂਡ, ਲੰਬੀ ਤੇ ਉੱਚੀ ਛਾਲ ਸਮੇਤ ਖੇਡ ਗਰਾਊਂਡ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮੌਕੇ ਪ੍ਰਬੰਧਕ ਰਮਨ ਬਾਂਸਲ, ਸਮਾਜ ਸੇਵੀ ਵਿਕਾਸ ਗੋਇਲ ਸ਼ੈਟੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਇਲਾਕਾ ਨਿਵਾਸੀਆਂ ਅਤੇ ਵਿਦਿਆਰਥੀਆਂ ਨੇ ਸਾਬਕਾ ਕੇਂਦਰੀ ਮੰਤਰੀ ਵੱਲੋਂ ਆਪਣੇ ਜੱਦੀ ਸ਼ਹਿਰ ਲਈ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।।

Leave a Reply

Your email address will not be published. Required fields are marked *