Photo: Punjba Police/X

ਚੰਡੀਗੜ੍ਹ, 13 ਸਤੰਬਰ:


ਸਰਹੱਦ ਪਾਰ ਅਤੇ ਸੰਗਠਿਤ ਅਪਰਾਧ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਇੱਕ ਇਤਿਹਾਸਕ ਕਾਮਯਾਬੀ ਹਾਸਲ ਕੀਤੀ ਹੈ। ਪੰਜਾਬ ਪੁਲਿਸ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ ਸਰਗਰਮ ਗੁਰਗੇ ਅਤੇ ਲੋੜੀਂਦੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਨੂੰ ਮੋਲਦੋਵਾ ਗਣਰਾਜ (ਯੂਰਪ) ਤੋਂ ਸਫਲਤਾਪੂਰਵਕ ਭਾਰਤ ਹਵਾਲਗੀ (Extradition) ਕਰਵਾ ਲਿਆ ਹੈ।

ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਪੁਲਿਸ ਨੇ ਕਿਸੇ ਯੂਰਪੀ ਦੇਸ਼ ਤੋਂ ਕਿਸੇ ਭਗੌੜੇ ਅਪਰਾਧੀ ਦੀ ਹਵਾਲਗੀ ਕਰਵਾਈ ਹੈ। ਇਸ ਪ੍ਰਾਪਤੀ ਨੂੰ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਦੇ ਨੈੱਟਵਰਕ ਵਿਰੁੱਧ ਲੜਾਈ ਵਿੱਚ ਇੱਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ।

ਕਤਲ ਤੇ ਯੂਏਪੀਏ ਸਮੇਤ ਕਈ ਸੰਗੀਨ ਮਾਮਲਿਆਂ ‘ਚ ਸੀ ਲੋੜੀਂਦਾ
ਅੰਮ੍ਰਿਤ ਦਾਲਮ ਵਿਰੁੱਧ ਕਤਲ, ਇਰਾਦਾ-ਏ-ਕਤਲ, ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA), ਅਸਲਾ ਐਕਟ ਅਤੇ ਐੱਨ.ਡੀ.ਪੀ.ਐੱਸ. (ਨਸ਼ਾ ਤਸਕਰੀ) ਐਕਟ ਸਮੇਤ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।

ਇਹ ਸਫ਼ਲਤਾ ‘ਆਪ੍ਰੇਸ਼ਨ ਈਸਟਰਨ ਰੀਚ’ ਰਾਹੀਂ ਹਾਸਲ ਕੀਤੀ ਗਈ, ਜੋ ਕਿ ਖੁਫ਼ੀਆ ਜਾਣਕਾਰੀ ‘ਤੇ ਆਧਾਰਿਤ ਛੇ ਮਹੀਨੇ ਲੰਬੀ ਅੰਤਰਰਾਸ਼ਟਰੀ ਭਾਲ ਮੁਹਿੰਮ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਪੰਜਾਬ ਅਤੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (OFTEC) ਪੰਜਾਬ ਨੇ ਕੇਂਦਰੀ ਏਜੰਸੀਆਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਲਗਾਤਾਰ ਨਿਗਰਾਨੀ ਅਤੇ ਤਾਲਮੇਲ ਬਣਾ ਕੇ ਇਸ ਕਾਰਵਾਈ ਨੂੰ ਨੇਪਰੇ ਚਾੜ੍ਹਿਆ।

ਕੌਮਾਂਤਰੀ ਏਜੰਸੀਆਂ ਦਾ ਧੰਨਵਾਦ
ਪੰਜਾਬ ਪੁਲਿਸ ਵੱਲੋਂ ਏਜੀਟੀਐੱਫ ਅਤੇ ਓਐੱਫਟੀਈਸੀ ਦੀਆਂ ਟੀਮਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ ਗਈ। ਇਸ ਕੌਮਾਂਤਰੀ ਸਹਿਯੋਗ ਲਈ ਮੋਲਦੋਵਾ ਅਧਿਕਾਰੀਆਂ, ਅਜ਼ਰਬਾਈਜਾਨ ਅਧਿਕਾਰੀਆਂ, ਸੀਬੀਆਈ ਦੀ ਆਈਪੀਸੀਯੂ (ਇੰਟਰਪੋਲ ਕੋਆਰਡੀਨੇਸ਼ਨ ਯੂਨਿਟ), ਕੇਂਦਰੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਸਮੇਤ ਸਾਰੀਆਂ ਸਹਿਯੋਗੀ ਏਜੰਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਅਪਰਾਧੀ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੁਕ ਜਾਣ, ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।

Leave a Reply

Your email address will not be published. Required fields are marked *