ਚੰਡੀਗੜ੍ਹ, 15 ਸਤੰਬਰ ਮਾਲਵਾ ਖੇਤਰ ਨੂੰ ਰਾਜਧਾਨੀ ਚੰਡੀਗੜ੍ਹ ਅਤੇ ਟ੍ਰਾਈਸਿਟੀ ਨਾਲ ਸਿੱਧਾ ਜੋੜਨ ਵਾਲੇ ਅਹਿਮ ਪ੍ਰੋਜੈਕਟ ਤਹਿਤ ਨਵੇਂ ਬਣੇ 205 ਏ ਜੀ ਮੁਹਾਲੀ-ਸਰਹਿੰਦ ਛੇ ਮਾਰਗੀ (Six-lane) ਕੌਮੀ ਸ਼ਾਹਰਾਹ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਹੈ। ਲਾਂਡਰਾਂ-ਬਨੂੜ ਮੁੱਖ ਮਾਰਗ ਉੱਤੇ ਪਿੰਡ ਭਾਗੋਮਾਜਰਾ ਨੇੜਿਓਂ ਸ਼ੁਰੂ ਹੋਣ ਵਾਲਾ ਇਹ ਕਰੀਬ ਸਾਢੇ 27 ਕਿਲੋਮੀਟਰ ਲੰਮਾ ਗ੍ਰੀਨਫੀਲਡ ਲਾਂਘਾ ਸਤੰਬਰ ਮਹੀਨੇ ਦੇ ਅਖ਼ੀਰ ਤੱਕ ਆਮ ਆਵਾਜਾਈ ਲਈ ਖੋਲ੍ਹੇ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਮਾਰਗ ਦੇ ਸ਼ੁਰੂ ਹੋਣ ਨਾਲ ਮੁਹਾਲੀ ਤੋਂ ਸਰਹਿੰਦ ਦਾ ਸਫ਼ਰ ਮਹਿਜ਼ 25 ਤੋਂ 30 ਮਿੰਟਾਂ ਵਿੱਚ ਤੈਅ ਹੋਵੇਗਾ, ਜਿਸ ਨਾਲ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਤੋਂ ਫ਼ਤਿਹਗੜ੍ਹ ਸਾਹਿਬ ਅਤੇ ਮਾਲਵੇ ਵੱਲ ਜਾਣ ਵਾਲੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਮਿਲੇਗੀ। ਬਠਿੰਡਾ ਤੋਂ ਚੰਡੀਗੜ੍ਹ ਦਾ ਸਫ਼ਰ ਰਹਿ ਜਾਵੇਗਾ 175 ਕਿਲੋਮੀਟਰਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਭਾਰਤਮਾਲਾ ਪ੍ਰੋਜੈਕਟ ਅਧੀਨ ਤਿਆਰ ਕੀਤੇ ਜਾ ਰਹੇ ਇਸ ਗ੍ਰੀਨਫੀਲਡ ਐਕਸਪ੍ਰੈਸ-ਵੇਅ ਨੂੰ ਦੋ ਫੇਜ਼ਾਂ ਵਿੱਚ ਮੁਹਾਲੀ ਤੋਂ ਸ਼ਹਿਣਾ (ਬਰਨਾਲਾ) ਤੱਕ ਵਧਾਇਆ ਜਾਣਾ ਹੈ। ਮੌਜੂਦਾ ਸਮੇਂ ਬਠਿੰਡਾ ਤੋਂ ਸੰਗਰੂਰ-ਪਟਿਆਲਾ ਹੁੰਦੇ ਹੋਏ ਚੰਡੀਗੜ੍ਹ ਦੀ ਦੂਰੀ 225 ਕਿਲੋਮੀਟਰ ਹੈ। ਨਵਾਂ ਰੂਟ (ਮੁਹਾਲੀ-ਸਰਹਿੰਦ-ਮਲੇਰਕੋਟਲਾ-ਬਰਨਾਲਾ) ਪੂਰੀ ਤਰ੍ਹਾਂ ਚਾਲੂ ਹੋਣ ਮਗਰੋਂ ਇਹ ਦੂਰੀ ਘੱਟ ਕੇ ਮਹਿਜ਼ 175 ਕਿਲੋਮੀਟਰ ਰਹਿ ਜਾਵੇਗੀ। ਦੂਰੀ 50 ਕਿਲੋਮੀਟਰ (ਆਉਣ-ਜਾਣ ਦੇ 100 ਕਿਲੋਮੀਟਰ) ਘਟਣ ਨਾਲ ਪ੍ਰਤੀ ਗੱਡੀ 500 ਤੋਂ 600 ਰੁਪਏ ਤੇਲ ਦੇ ਬਚਣਗੇ। ਇਸ ਤੋਂ ਇਲਾਵਾ ਮਾਲਵਾ, ਅਬੋਹਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਰਾਜਸਥਾਨ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਟਰੈਫ਼ਿਕ ਜਾਮ ਵਿੱਚ ਫਸਣ ਤੋਂ ਛੁਟਕਾਰਾ ਮਿਲੇਗਾ। ਮਾਰਗ ਉੱਤੇ ਪਿੰਡ ਮੱਛਲੀ ਕਲਾਂ ਨੇੜੇ ਮੁੱਖ ਟੌਲ ਪਲਾਜ਼ਾ ਲਗਾਇਆ ਗਿਆ ਹੈ, ਜਦਕਿ ਕੋਰੀਡੋਰ ਤੋਂ ਉਤਰਨ ਵਾਲੇ ਵਾਹਨਾਂ ਲਈ ਸਰਵਿਸ ਰੋਡਾਂ ਉੱਤੇ ਦੋ ਥਾਵਾਂ ‘ਤੇ ਟੌਲ ਬੂਥ ਬਣਾਏ ਗਏ ਹਨ। ਪ੍ਰੋਜੈਕਟ ਤਹਿਤ 4 ਵੱਡੇ ਪੁਲ, 2 ਫਲਾਈਓਵਰ, 18 ਅੰਡਰਪਾਸ, ਰੇਲਵੇ ਲਾਈਨਾਂ ਉੱਤੇ 2 ਪੁਲ ਅਤੇ ਲਗਭਗ 23 ਕਿਲੋਮੀਟਰ ਲੰਮੀ ਸਰਵਿਸ/ਸਲਿੱਪ ਰੋਡ ਤਿਆਰ ਕੀਤੀ ਗਈ ਹੈ, ਮੁਹਾਲੀ ਤੋਂ ਇਲਾਵਾ ਝੰਜੇੜੀ, ਹੰਸਾਲੀ ਸਾਹਿਬ ਅਤੇ ਦੌਲਤਪੁਰ ਤੋਂ ਵੀ ਇਸ ਮਾਰਗ ਉੱਤੇ ਚੜ੍ਹਨ-ਉਤਰਨ ਦੀ ਵਿਵਸਥਾ ਰਹੇਗੀ। ਇਕ ਰਿਪੋਰਟ ਅਨੁਸਾਰ ਜਿੱਥੇ ਮੁੱਖ ਸ਼ਾਹਰਾਹ ਬਣ ਕੇ ਤਿਆਰ ਹੈ, ਉੱਥੇ ਹੀ ਗਮਾਡਾ ਵੱਲੋਂ ਮੁਹਾਲੀ ਦੇ ਸੈਕਟਰ 106-107 ਨੂੰ ਇਸ ਨਾਲ ਜੋੜਨ ਵਾਲੀ ਕਰੀਬ ਡੇਢ ਤੋਂ ਦੋ ਕਿਲੋਮੀਟਰ ਲੰਮੀ ਸੜਕ ਦਾ ਨਿਰਮਾਣ ਅਜੇ ਸ਼ੁਰੂ ਨਹੀਂ ਕਰਵਾਇਆ ਗਿਆ, ਹਾਲਾਂਕਿ ਇਸ ਲਈ ਭਾਗੋਮਾਜਰਾ ਅਤੇ ਮਾਣਕਮਾਜਰਾ ਦੀ ਜ਼ਮੀਨ ਐਕੁਆਇਰ ਕੀਤੀ ਜਾ ਚੁੱਕੀ ਹੈ। Post navigation Canada deportation: ਕੈਨੇਡਾ ’ਚ ਜਬਰਨ ਵਸੂਲੀ ਕੇਸਾਂ ਵਿਚ 4 ਪੰਜਾਬੀਆਂ ਸਮੇਤ 111 ਵਿਦੇਸ਼ੀ ਨਾਗਰਿਕ ਡਿਪੋਰਟ Ludhiana: ਬਿਨਾਂ ਡਰਾਈਵਰ ਤੋਂ ਆਪਣੇ-ਆਪ ਚੱਲੀ MG Windser EV ਕਾਰ, ਦੁਕਾਨ ਅਤੇ ਦਰੱਖਤ ‘ਚ ਵੱਜੀ