ਓਟਾਵਾ, 15 ਸਤੰਬਰ ਕੈਨੇਡਾ ਵਿੱਚ ਸੰਗਠਿਤ ਅਪਰਾਧ ਅਤੇ ਜਬਰਨ ਵਸੂਲੀ ਦੇ ਨੈੱਟਵਰਕ ਵਿਰੁੱਧ ਵਿੱਢੀ ਦੇਸ਼ ਵਿਆਪੀ ਮੁਹਿੰਮ ਤਹਿਤ ‘ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ’ (CBSA) ਨੇ ਵੱਡੀ ਕਾਰਵਾਈ ਕਰਦਿਆਂ 4 ਪੰਜਾਬੀਆਂ ਸਮੇਤ 111 ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ (ਡਿਪੋਰਟ ਕਰ) ਦਿੱਤਾ ਹੈ। ਏਜੰਸੀ ਅਨੁਸਾਰ ਪਿਛਲੇ ਇੱਕ ਸਾਲ ਦੌਰਾਨ ਜਾਰੀ ਕੀਤੇ ਗਏ 188 ਡਿਪੋਰਟੇਸ਼ਨ ਹੁਕਮਾਂ ਤਹਿਤ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਸਭ ਤੋਂ ਵੱਧ ਦੇਸ਼ ਨਿਕਾਲੇ ਬ੍ਰਿਟਿਸ਼ ਕੋਲੰਬੀਆ (BC) ਅਤੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਹੋਏ ਹਨ। ਸੀਬੀਐੱਸਏ ਨੇ ਦੱਸਿਆ ਕਿ ਇਹ ਵਿਸ਼ੇਸ਼ ਮੁਹਿੰਮ ਅਗਸਤ 2025 ਵਿੱਚ ਪੈਸੀਫਿਕ ਅਤੇ ਪ੍ਰੇਰੀ ਖੇਤਰਾਂ ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਟੋਰਾਂਟੋ ਖੇਤਰ ਵਿੱਚ ਵੀ ਵਧਾ ਦਿੱਤਾ ਗਿਆ। ਚਾਰ ਗੰਭੀਰ ਮਾਮਲਿਆਂ ਦਾ ਵਿਸ਼ੇਸ਼ ਜ਼ਿਕਰ ਸੀਬੀਐੱਸਏ ਨੇ ਜਬਰਨ ਵਸੂਲੀ ਅਤੇ ਹਿੰਸਕ ਗਤੀਵਿਧੀਆਂ ਨਾਲ ਜੁੜੇ ਚਾਰ ਮੁਲਜ਼ਮਾਂ ਦੇ ਵੇਰਵੇ ਤੇ ਤਸਵੀਰਾਂ ਜਨਤਕ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਇਹ ਚਾਰੇ ਨੌਜਵਾਨ ਪੰਜਾਬੀ ਹਨ। ਪਲਵਿੰਦਰ ਸਿੰਘ: 2025 ਵਿੱਚ ਜਬਰਨ ਵਸੂਲੀ ਨਾਲ ਸਬੰਧਤ ਗੋਲੀਬਾਰੀ ਵਿੱਚ ਸ਼ਾਮਲ ਹੋਣ ਅਤੇ ਜੁਰਮ ਪੇਸ਼ਾ ਗਰੋਹ ਦਾ ਮੈਂਬਰ ਹੋਣ ਕਾਰਨ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ।ਅਮਿਤੋਜ਼ ਬਾਜਵਾ: ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਭੱਤਾ ਵਸੂਲੀ ਵਾਲੀ ਗੋਲੀਬਾਰੀ ਦੀ ਘਟਨਾ ਨਾਲ ਸੰਬੰਧਤ ਹੋਣ ਕਾਰਨ ਡਿਪੋਰਟ ਕੀਤਾ ਗਿਆ।ਜਸਮੇਰ ਸਿੰਘ: ਕੈਨੇਡਾ ਵਿੱਚ ਕਿਸੇ ਵਿਅਕਤੀ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਬੰਦੀ ਬਣਾਉਣ (Forcible Confinement) ਦੇ ਦੋਸ਼ ਹੇਠ ਸਜ਼ਾਯਾਫ਼ਤਾ ਹੋਣ ਮਗਰੋਂ ਕੱਢਿਆ ਗਿਆ।ਸਾਹਿਬਜੋਤ ਸਿੰਘ: ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਇੱਕ ਸੰਗਠਨ ਨਾਲ ਸਬੰਧਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਡਿਪੋਰਟ ਕੀਤਾ ਗਿਆ। ਜਾਰੀ ਖੇਤਰੀ ਅੰਕੜਿਆਂ ਅਨੁਸਾਰ: ਪੈਸੀਫਿਕ ਖੇਤਰ: 91 ਡਿਪੋਰਟੇਸ਼ਨ ਹੁਕਮਾਂ ਵਿੱਚੋਂ 58 ਵਿਅਕਤੀਆਂ ਨੂੰ ਕੱਢਿਆ ਗਿਆ।ਪ੍ਰੇਰੀ ਖੇਤਰ: 47 ਹੁਕਮਾਂ ਵਿੱਚੋਂ 30 ਲੋਕਾਂ ਨੂੰ ਡਿਪੋਰਟ ਕੀਤਾ ਗਿਆ।ਜੀਟੀਏ (ਟੋਰਾਂਟੋ ਖੇਤਰ): 50 ਹੁਕਮਾਂ ਵਿੱਚੋਂ 23 ਵਿਅਕਤੀਆਂ ਨੂੰ ਬਾਹਰ ਭੇਜਿਆ ਗਿਆ। ਸੀਬੀਐੱਸਏ ਦੀ ਪ੍ਰਧਾਨ ਏਰਿਨ ਓ’ਗੋਰਮਨ ਨੇ ਕਿਹਾ ਕਿ ਇਹ ਕਾਰਵਾਈ ਕੈਨੇਡਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਆਪਸੀ ਤਾਲਮੇਲ ਦਾ ਨਤੀਜਾ ਹੈ, ਤਾਂ ਜੋ ਸਮਾਜਿਕ ਸ਼ਾਂਤੀ ਲਈ ਖ਼ਤਰਾ ਬਣੇ ਅਨਸਰਾਂ ਨੂੰ ਬਾਹਰ ਕੱਢਿਆ ਜਾ ਸਕੇ।ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਸੰਘੀ ਸਰਕਾਰ ਜਬਰਨ ਵਸੂਲੀ ਦੇ ਗਰੋਹਾਂ ਦਾ ਲੱਕ ਤੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਇਹ ਅਪਰਾਧਿਕ ਨੈੱਟਵਰਕ ਮੁੱਖ ਤੌਰ ‘ਤੇ ਬੀ.ਸੀ. ਅਤੇ ਓਂਟਾਰੀਓ ਵਿੱਚ ਵੱਸਦੇ ਦੱਖਣੀ ਏਸ਼ੀਆਈ (ਵਿਸ਼ੇਸ਼ ਕਰਕੇ ਪੰਜਾਬੀ) ਭਾਈਚਾਰੇ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਅਨਸਰਾਂ ਨੂੰ ਬਾਹਰ ਕੱਢ ਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। Post navigation ਮਾਨਸਾ: ਪੀਆਰਟੀਸੀ ਬੱਸ ਅਤੇ ਸਕੂਲ ਵੈਨ ਵਿਚਾਲੇ ਭਿਆਨਕ ਟੱਕਰ; 10 ਤੋਂ ਵੱਧ ਬੱਚੇ ਜ਼ਖ਼ਮੀ ਮੁਹਾਲੀ-ਸਰਹਿੰਦ ਛੇ ਮਾਰਗੀ ਹਾਈਵੇਅ ਤਿਆਰ; ਬਠਿੰਡਾ-ਬਰਨਾਲਾ ਤੋਂ ਚੰਡੀਗੜ੍ਹ ਦਾ ਸਫ਼ਰ ਹੋਵੇਗਾ ਸੁਖਾਲਾ, ਦੂਰੀ ਘਟੇਗੀ 50km