ਅਮਰੀਕਾ ਦੀ ਪ੍ਰਮੁੱਖ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਭਾਰਤੀ ਮੂਲ ਦੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਸਿਰ ’ਤੇ ਰੱਖਿਆ ਇਨਾਮ ਵਧਾ ਕੇ 10 ਲੱਖ ਅਮਰੀਕੀ ਡਾਲਰ (ਲਗਪਗ ਸਾਢੇ 9 ਕਰੋੜ ਰੁਪਏ) ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਐੱਫ.ਬੀ.ਆਈ. ਨੇ ਉਸ ਨੂੰ ਅਮਰੀਕਾ ਦੇ‘Top 10 Most wanted’ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ। ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਗੋਲਡੀ ਬਰਾੜ ਬਹੁਤ ਖ਼ਤਰਨਾਕ, ਹਥਿਆਰਬੰਦ ਹੈ ਅਤੇ ਉਸ ਦੇ ਭੱਜਣ ਦਾ ਪੂਰਾ ਖ਼ਤਰਾ ਹੈ। ਇਸ ਸਬੰਧੀ ਲਾਸ ਏਂਜਲਸ ਵਿਖੇ ਕੀਤੀ ਗਈ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ FBI ਲਾਸ ਏਂਜਲਸ ਦੇ ਸਹਾਇਕ ਨਿਰਦੇਸ਼ਕ ਪੈਟਰਿਕ ਗਰੈਂਡੀ, ਲਾਸ ਏਂਜਲਸ ਪੁਲੀਸ ਵਿਭਾਗ (LAPD), ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ (RCMP) ਦੀ ਉਪ ਕਮਿਸ਼ਨਰ ਲੀਜ਼ਾ ਮੋਰਲੈਂਡ ਅਤੇ ਯੂ.ਐੱਸ. ਅਟਾਰਨੀ ਦਫ਼ਤਰ ਦੇ ਅਧਿਕਾਰੀ ਸ਼ਾਮਲ ਸਨ। ਪੈਟਰਿਕ ਗਰੈਂਡੀ ਨੇ ਜਾਣਕਾਰੀ ਦਿੱਤੀ ਕਿ ਭਾਰਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਗੋਲਡੀ ਬਰਾੜ ਉੱਤਰੀ ਅਮਰੀਕਾ ਵਿੱਚ ਸੰਗਠਿਤ ਅਪਰਾਧ ਸਿੰਡੀਕੇਟ ਨੂੰ ਚਲਾ ਰਿਹਾ ਹੈ। ਇਹ ਗਿਰੋਹ ਦੱਖਣੀ ਕੈਲੀਫ਼ੋਰਨੀਆ, ਪੂਰੇ ਅਮਰੀਕਾ ਅਤੇ ਕੈਨੇਡਾ ਵਿੱਚ ਕਈ ਹਿੰਸਕ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ, ਜਿਨ੍ਹਾਂ ਵਿੱਚ, ਪ੍ਰਮੁੱਖ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਦੇ ਟਾਰਗੇਟ ਕਤਲ (ਸੁਪਾਰੀ ਕਤਲ), ਗੋਲੀਬਾਰੀ, ਕਤਲ ਅਤੇ ਅਗਵਾ ਦੀਆਂ ਵਾਰਦਾਤਾਂ, ਵੱਡੇ ਪੱਧਰ ’ਤੇ ਫ਼ਿਰੌਤੀਆਂ ਅਤੇ ਹਮਲੇ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਆਦਿ ਸ਼ਾਮਲ ਹੈ। ਜਾਂਚ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਬਿਸ਼ਨੋਈ ਸਿੰਡੀਕੇਟ ਨੇ ਮਾਰਚ 2024 ਤੋਂ ਜੁਲਾਈ 2025 ਦਰਮਿਆਨ ਲਾਸ ਏਂਜਲਸ ਖੇਤਰ ਵਿੱਚ ਵਿਰੋਧੀ ਨਸ਼ਾ ਤਸਕਰਾਂ ਕੋਲੋਂ ਲਗਭਗ 520 ਕਿੱਲੋ ਕੋਕੀਨ ਵੀ ਖੋਹੀ ਸੀ। ਹਰਦੀਪ ਸਿੰਘ ਨਿੱਝਰ ਕਤਲ ਕਾਂਡ ਦੀ ਸਾਜ਼ਿਸ਼ ਦਾ ਦੋਸ਼ ਅਮਰੀਕੀ ਜਾਂਚ ਦਸਤਾਵੇਜ਼ਾਂ ਅਨੁਸਾਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਉੱਤੇ ਜੂਨ 2023 ਵਿੱਚ ਕੈਨੇਡਾ ਦੇ ਸਰੀ (ਬ੍ਰਿਟਿਸ਼ ਕੋਲੰਬੀਆ) ਸਥਿਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ। ਕੈਨੇਡਾ ਪੁਲੀਸ ਇਸ ਮਾਮਲੇ ਵਿੱਚ ਪਹਿਲਾਂ ਹੀ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਕੇਸ ਅਦਾਲਤੀ ਸੁਣਵਾਈ ਅਧੀਨ ਹੈ। ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਬਿਸ਼ਨੋਈ ਗੈਂਗ ਨੂੰ ਅਤਿਵਾਦੀ ਸੰਗਠਨ ਐਲਾਨਿਆ ਜਾ ਚੁੱਕਾ ਹੈ। ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ਭਾਰਤੀ ਏਜੰਸੀਆਂ ’ਤੇ ਲਾਏ ਗਏ ਦੋਸ਼ਾਂ ਕਾਰਨ ਦੋਹਾਂ ਦੇਸ਼ਾਂ ਦੇ ਕੂਟਨੀਤਕ ਅਤੇ ਵਪਾਰਕ ਸਬੰਧਾਂ ਵਿੱਚ ਭਾਰੀ ਖਟਾਸ ਆ ਗਈ ਸੀ, ਜਿਸ ਨੂੰ ਸੁਧਾਰਨ ਲਈ ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤ ਨਾਲ ਰਾਬਤਾ ਬਣਾ ਕੇ ਯਤਨ ਕੀਤੇ ਜਾ ਰਹੇ ਹਨ। ਕੈਲੀਫ਼ੋਰਨੀਆ ਜਾਂ ਕੈਨੇਡਾ ’ਚ ਛੁਪੇ ਹੋਣ ਦਾ ਖ਼ਦਸ਼ਾ ਪੁਲੀਸ ਅਧਿਕਾਰੀਆਂ ਅਨੁਸਾਰ ਗੋਲਡੀ ਬਰਾੜ ਦੇ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਵਿੱਚ ਜਾਂ ਕੈਨੇਡਾ ਦੇ ਕਿਸੇ ਗੁਪਤ ਟਿਕਾਣੇ ’ਤੇ ਹੋਣ ਦੀਆਂ ਪੱਕੀਆਂ ਸੂਚਨਾਵਾਂ ਹਨ। ਐੱਫ.ਬੀ.ਆਈ. ਨੇ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਗ੍ਰਿਫ਼ਤਾਰ ਕਰਨਾ ਏਜੰਸੀ ਦੀ ਸਭ ਤੋਂ ਵੱਡੀ ਤਰਜੀਹ ਹੈ। ਸੂਚਨਾ ਦੇਣ ਲਈ ਅਪੀਲ ਅਤੇ ਸੰਪਰਕ ਵੇਰਵੇ ਐੱਫ.ਬੀ.ਆਈ. ਨੇ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਗੋਲਡੀ ਬਰਾੜ ਦੇ ਨੇੜੇ ਜਾਣ ਦਾ ਜੋਖ਼ਮ ਨਾ ਚੁੱਕਿਆ ਜਾਵੇ। ਜੇਕਰ ਕਿਸੇ ਕੋਲ ਵੀ ਉਸ ਬਾਰੇ ਕੋਈ ਠੋਸ ਜਾਣਕਾਰੀ ਹੈ, ਤਾਂ ਉਹ ਤੁਰੰਤ ਹੇਠ ਲਿਖੇ ਸਾਧਨਾਂ ਰਾਹੀਂ ਸੰਪਰਕ ਕਰ ਸਕਦਾ ਹੈ: ਟੋਲ-ਫ਼੍ਰੀ ਟਿਪ ਲਾਈਨ (ਅਮਰੀਕਾ): 1-800-CALL-FBI (1-800-225-5324)ਆਨਲਾਈਨ ਟਿਪ ਸਬਮਿਸ਼ਨ: tips.fbi.govਸਥਾਨਕ ਸੰਪਰਕ: ਨਜ਼ਦੀਕੀ FBI ਦਫ਼ਤਰ, ਸਥਾਨਕ ਪੁਲੀਸ ਜਾਂ ਨਜ਼ਦੀਕੀ ਅਮਰੀਕੀ ਦੂਤਾਵਾਸ/ਕੌਂਸਲੇਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। Post navigation Political party switch: 2022 ਤੋਂ ਹੁਣ ਤੱਕ 111 ਮੌਜੂਦਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵੱਲੋਂ ਪਾਰਟੀਆਂ ਬਦਲਣ ਦਾ ਖੁਲਾਸਾ ‘Voice of Hind’ ਅੱਤਵਾਦੀ ਸਾਜ਼ਿਸ਼ ਮਾਮਲਾ: NIA ਦੀ ਵਿਸ਼ੇਸ਼ ਅਦਾਲਤ ਵੱਲੋਂ ISIS ਦੇ 4 ਕਾਰਕੁਨਾਂ ਨੂੰ ਕੈਦ ਦੀ ਸਜ਼ਾ