ਨਵੀਂ ਦਿੱਲੀ ਸਥਿਤ ਰਾਊਜ਼ ਐਵੇਨਿਊ ਜ਼ਿਲ੍ਹਾ ਅਦਾਲਤ ਕੰਪਲੈਕਸ ਦੀ ਵਿਸ਼ੇਸ਼ ਐੱਨ.ਆਈ.ਏ. (NIA) ਅਦਾਲਤ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਇਸਲਾਮਿਕ ਸਟੇਟ’ (ISIS) ਦੇ ‘ਵਾਇਸ ਆਫ਼ ਹਿੰਦ’ ਅੱਤਵਾਦੀ ਸਾਜ਼ਿਸ਼ ਕੇਸ ਵਿੱਚ ਚਾਰ ਕਾਰਕੁਨਾਂ ਨੂੰ ਸਖ਼ਤ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਅਦਾਲਤ ਨੇ ਇਨ੍ਹਾਂ ਚਾਰਾਂ ਨੂੰ ਬੀਤੀ 17 ਸਤੰਬਰ ਨੂੰ ਅਪਰਾਧਿਕ ਸਾਜ਼ਿਸ਼ ਰਚਣ, ਯੂ.ਏ.(ਪੀ.) ਐਕਟ ਅਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਆਈ.ਐੱਸ.ਆਈ.ਐੱਸ. ਦੀ ਸਮੱਗਰੀ ਦਾ ਪ੍ਰਚਾਰ-ਪ੍ਰਸਾਰ ਕਰਨ, ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਭਰਤੀ ਕਰਨ ਦੇ ਦੋਸ਼ਾਂ ਹੇਠ ਦੋਸ਼ੀ ਠਹਿਰਾਇਆ ਸੀ। ਅਦਾਲਤ ਵੱਲੋਂ ਸੁਣਾਏ ਗਏ ਫ਼ੈਸਲੇ ਅਨੁਸਾਰ ਉਮਰ ਨਿਸਾਰ ਉਰਫ਼ ਕਾਸਿਮ ਖੁਰਾਸਾਨੀ (A-1), ਰਮੀਜ਼ ਅਹਿਮਦ ਲੋਨ (A-2) ਅਤੇ ਤਨਵੀਰ ਅਹਿਮਦ ਭੱਟ (A-3) ਨੂੰ 6-6 ਸਾਲ ਦੀ ਸਖ਼ਤ ਬਾਮੁਸ਼ੱਕਤ ਕੈਦ ਦੇ ਨਾਲ ਕ੍ਰਮਵਾਰ ₹36,000, ₹31,000 ਅਤੇ ₹23,000 ਦਾ ਜੁਰਮਾਨਾ ਕੀਤਾ ਗਿਆ ਹੈ। ਚੌਥੇ ਦੋਸ਼ੀ ਅਫ਼ਸ਼ਾਨ ਪਰਵੇਜ਼ ਜ਼ਰਾਬੀ (A-5) ਨੂੰ 5 ਸਾਲ ਦੀ ਸਖ਼ਤ ਕੈਦ ਅਤੇ ₹9,000 ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਦੋਸ਼ੀਆਂ ਦੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਇਹ ਮਾਮਲਾ (RC-14/2021/NIA/DLI) ISIS ਵੱਲੋਂ ਭਾਰਤ ਖ਼ਿਲਾਫ਼ ਹਿੰਸਕ ਜਹਾਦ ਛੇੜਨ ਦੇ ਮਕਸਦ ਨਾਲ ਦੇਸ਼ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਕੱਟੜਪੰਥੀ ਬਣਾ ਕੇ ਆਪਣੇ ਸੰਗਠਨ ਵਿੱਚ ਭਰਤੀ ਕਰਨ ਦੀ ਰਚੀ ਗਈ ਸਾਜ਼ਿਸ਼ ਨਾਲ ਸੰਬੰਧਿਤ ਹੈ। ਵਿਦੇਸ਼ੀ ਜੰਗੀ ਖੇਤਰਾਂ ਵਿੱਚ ਬੈਠੇ ਅੱਤਵਾਦੀਆਂ ਨੇ ਭਾਰਤ ਵਿਚਲੇ ਸਾਥੀਆਂ ਨਾਲ ਮਿਲ ਕੇ ਫ਼ਰਜ਼ੀ ਆਨਲਾਈਨ ਪਛਾਣਾਂ ਰਾਹੀਂ ਪ੍ਰਚਾਰ ਨੈੱਟਵਰਕ ਖੜ੍ਹਾ ਕੀਤਾ ਸੀ, ਜਿਸ ਨੂੰ ਜ਼ਮੀਨੀ ਪੱਧਰ ‘ਤੇ ਟੈਰਰ ਫੰਡਿੰਗ ਦੀ ਹਮਾਇਤ ਹਾਸਲ ਸੀ। ਇਹ ਨੈੱਟਵਰਕ ਖ਼ਾਸ ਕਰਕੇ ਭਾਰਤ-ਕੇਂਦਰਿਤ ਮੈਗਜ਼ੀਨ ‘ਸੌਤ-ਅਲ-ਹਿੰਦ’ (ਦ ਵਾਇਸ ਆਫ਼ ਹਿੰਦ) ਨੂੰ ਆਨਲਾਈਨ ਪਲੇਟਫ਼ਾਰਮਾਂ ਰਾਹੀਂ ਤਿਆਰ, ਸੰਪਾਦਿਤ ਅਤੇ ਪ੍ਰਕਾਸ਼ਿਤ ਕਰਦਾ ਸੀ ਅਤੇ ਨੌਜਵਾਨਾਂ ਨੂੰ ਸੀਰੀਆ, ਇਰਾਕ ਤੇ ਅਫ਼ਗਾਨਿਸਤਾਨ ਵਰਗੇ ਇਲਾਕਿਆਂ ਵਿੱਚ ਹਿਜਰਤ ਕਰਨ ਲਈ ਉਕਸਾਉਂਦਾ ਸੀ। ਜਾਂਚ ਦੌਰਾਨ NIA ਨੇ ਵੱਡੇ ਪੱਧਰ ‘ਤੇ ਇਤਰਾਜ਼ਯੋਗ ਦਸਤਾਵੇਜ਼ ਅਤੇ ਡਿਜੀਟਲ ਸਮੱਗਰੀ ਜ਼ਬਤ ਕੀਤੀ ਸੀ, ਜਿਸ ਵਿੱਚ ‘ਵਾਇਸ ਆਫ਼ ਹਿੰਦ’ ਦੀਆਂ ਪੀ.ਡੀ.ਐੱਫ. ਫ਼ਾਈਲਾਂ, ਮਾਰੇ ਗਏ ਅੱਤਵਾਦੀਆਂ ਦੇ ਪੋਸਟਰ, ਕੱਟੜਪੰਥੀ ਸਾਹਿਤ, ਹਥਿਆਰਾਂ ਦੀ ਖ਼ਰੀਦੋ-ਫ਼ਰੋਖ਼ਤ ਨਾਲ ਸਬੰਧਤ ਚੈਟਾਂ ਅਤੇ ਆਡੀਓ ਰਿਕਾਰਡਿੰਗਾਂ ਸਮੇਤ ISIS ਦੇ ਝੰਡੇ ਅਤੇ ਬੈਨਰ ਸ਼ਾਮਲ ਸਨ। ਜਾਂਚ ਏਜੰਸੀ ਵੱਲੋਂ ਇਸ ਪੂਰੇ ਮਾਮਲੇ ਵਿੱਚ ਕੁੱਲ 8 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਅਤੇ 4 ਸਪਲੀਮੈਂਟਰੀ ਚਾਰਜਸ਼ੀਟਾਂ ਦਾਇਰ ਕੀਤੀਆਂ ਗਈਆਂ ਸਨ, ਜਦਕਿ ਬਾਕੀ ਬਚੇ ਦੋਸ਼ੀਆਂ ਖ਼ਿਲਾਫ਼ ਅਦਾਲਤੀ ਕਾਰਵਾਈ ਅਜੇ ਵੀ ਜਾਰੀ ਹੈ। Post navigation FBI ਵੱਲੋਂ Goldy Brar ’ਤੇ ਸਾਢੇ 9 ਕਰੋੜ ਦੇ ਇਨਾਮ ਦਾ ਐਲਾਨ; ਅਮਰੀਕਾ ਦੀ ‘Top 10 Most wanted’ ਸੂਚੀ ‘ਚ ਸ਼ਾਮਲ Punjab SIR ਪ੍ਰਕਿਰਿਆ ਮੁਕੰਮਲ ਹੋਣ ਨੇੜੇ, 99 ਫ਼ੀਸਦ ਤੋਂ ਵੱਧ ਕੰਮ ਪੂਰਾ ਹੋਇਆ: ਅਨਿੰਦਿਤਾ ਮਿਤਰਾ