LPU ਬਾਹਰ ਹਿੰਸਕ ਪ੍ਰਦਰਸ਼ਨ: ਵਿਦਿਆਰਥੀਆਂ ਵੱਲੋਂ ਪੁਲੀਸ ’ਤੇ ਪਥਰਾਅ ਤੇ ਗੱਡੀਆਂ ਨੂੰ ਅੱਗ, ਹਾਲਾਤ ਤਣਾਅਪੂਰਨ


ਜਲੰਧਰ, 27 ਸਤੰਬਰ


ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਬਾਹਰ ਐਤਵਾਰ ਸ਼ਾਮ ਨੂੰ ਉਸ ਸਮੇਂ ਹਾਲਾਤ ਬੇਕਾਬੂ ਹੋ ਗਏ ਜਦੋਂ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਪੁਲੀਸ ਵਿਚਕਾਰ ਹਿੰਸਕ ਟਕਰਾਅ ਹੋ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ਮੁਲਾਜ਼ਮਾਂ ਉੱਤੇ ਜੰਮ ਕੇ ਪਥਰਾਅ ਕੀਤਾ ਗਿਆ, ਜਿਸ ਦੇ ਜਵਾਬ ਵਿੱਚ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਐੱਸ.ਐੱਸ.ਪੀ.ਦੀ ਭੰਨਤੋੜ ਕੀਤੀ ਅਤੇ ਹੋਰ ਪੁਲੀਸ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਝੜਪ ਦੌਰਾਨ ਕੁਝ ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ ਅਤੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

ਵਿਦਿਆਰਥਣ ਨਾਲ ਜਬਰ-ਜਨਾਹ ਦੇ ਦੋਸ਼ਾਂ ਤੋਂ ਬਾਅਦ ਭੜਕਿਆ ਵਿਵਾਦ
ਇਹ ਤਾਜ਼ਾ ਘਟਨਾਕ੍ਰਮ ਯੂਨੀਵਰਸਿਟੀ ਕੈਂਪਸ ਵਿੱਚ ਉਸ ਦਾਅਵੇ ਤੋਂ ਬਾਅਦ ਵਾਪਰਿਆ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕੈਂਪਸ ਦੇ ਅੰਦਰ ਇੱਕ ਬਾਹਰੀ ਵਿਅਕਤੀ ਵੱਲੋਂ ਗਰਲਜ਼ ਹੋਸਟਲ ਵਿੱਚ ਇੱਕ ਵਿਦਿਆਰਥਣ ਨਾਲ ਜਬਰ-ਜਨਾਹ ਕੀਤਾ ਗਿਆ ਹੈ। ਦਿਨ ਵੇਲੇ ਵੀ ਵਿਦਿਆਰਥੀਆਂ ਨੇ ਕੈਂਪਸ ਵਿੱਚ ਭਾਰੀ ਹੰਗਾਮਾ ਅਤੇ ਤੋੜ-ਫੋੜ ਕੀਤੀ ਸੀ ਅਤੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ।

ਪੀੜਤਾ ਦੀ ਸ਼ਿਕਾਇਤ ’ਤੇ ਸਤਨਾਮਪੁਰਾ ਪੁਲੀਸ ਸਟੇਸ਼ਨ ਵਿੱਚ ਐੱਫ਼.ਆਈ.ਆਰ. (FIR) ਦਰਜ ਕਰ ਲਈ ਗਈ ਹੈ, ਜਿਸ ਵਿੱਚ ਦੋਸ਼ ਹੈ ਕਿ 23 ਸਤੰਬਰ ਨੂੰ ਵਾਪਰੀ ਇਸ ਘਟਨਾ ਨੂੰ ਪ੍ਰਸ਼ਾਸਨ ਵੱਲੋਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

ਪੁਲੀਸ ਪ੍ਰਸ਼ਾਸਨ ਅਤੇ ਐਸ.ਆਈ.ਟੀ. (SIT) ਦੀ ਕਾਰਵਾਈ
ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਲੰਧਰ ਰੇਂਜ ਦੇ ਡੀ.ਆਈ.ਜੀ. ਨਵੀਨ ਸਿੰਗਲਾ ਨੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਇਸ ਐੱਸ.ਆਈ.ਟੀ. ਵਿੱਚ ਫਗਵਾੜਾ ਦੇ ਐੱਸ.ਪੀ. ਮੇਜਰ ਸਿੰਘ, ਡੀ.ਐੱਸ.ਪੀ. ਪਲਵਿੰਦਰ ਸਿੰਘ, ਇੱਕ ਮਹਿਲਾ ਪੁਲੀਸ ਇੰਸਪੈਕਟਰ ਅਤੇ ਵਿਦਿਆਰਥੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ ਹਨ।

LPU ਪ੍ਰਸ਼ਾਸਨ ਦਾ ਸਪੱਸ਼ਟੀਕਰਨ
ਦੂਜੇ ਪਾਸੇ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਖ਼ਬਰਾਂ ਅਤੇ ਅਫ਼ਵਾਹਾਂ ਨੂੰ “ਝੂਠੀਆਂ, ਬੇਬੁਨਿਆਦ ਅਤੇ ਮਨਘੜਤ” ਕਰਾਰ ਦਿੱਤਾ ਹੈ। ਯੂਨੀਵਰਸਿਟੀ ਦੀ ਰਜਿਸਟਰਾਰ ਮੋਨਿਕਾ ਗੁਲਾਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਸਮਾਜ ਵਿਰੋਧੀ ਅਨਸਰ ਜਾਣਬੁੱਝ ਕੇ ਸੰਸਥਾ ਦੇ ਅਕਸ ਨੂੰ ਖ਼ਰਾਬ ਕਰਨ ਲਈ ਗ਼ਲਤ ਜਾਣਕਾਰੀ ਫੈਲਾ ਰਹੇ ਹਨ। ਯੂਨੀਵਰਸਿਟੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਪੁਸ਼ਟੀ ਕੀਤੀ ਜਾਣਕਾਰੀ ’ਤੇ ਵਿਸ਼ਵਾਸ ਨਾ ਕਰਨ।

Leave a Reply

Your email address will not be published. Required fields are marked *