All India Radio News @airnewsalerts/X

ਚੰਡੀਗੜ੍ਹ, 13 ਅਕਤੂਬਰ

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਮਾਨਸਾ ਦੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਸਮੇਤ ਤਿੰਨ ਵੱਖ-ਵੱਖ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਵਿਸਥਾਰਤ ਰਿਪੋਰਟ ਤਲਬ ਕਰ ਲਈ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ’ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਸੂਬਾ ਸਰਕਾਰ ਤੋਂ ਜਵਾਬ ਮੰਗਣ ਦੀ ਗੱਲ ਆਖੀ ਸੀ। ਦੇਰ ਸ਼ਾਮ ਗ੍ਰਹਿ ਮੰਤਰਾਲੇ ਨੇ ਵੱਖਰੇ-ਵੱਖਰੇ ਪੱਤਰ ਭੇਜ ਕੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਤੋਂ ਇਨ੍ਹਾਂ ਘਟਨਾਵਾਂ ਬਾਰੇ ਤੱਥ ਅਧਾਰਿਤ ਵੇਰਵੇ ਮੰਗੇ ਹਨ।

ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ

    ਪਹਿਲੇ ਪੱਤਰ ਵਿੱਚ ਕੇਂਦਰ ਸਰਕਾਰ ਨੇ 13 ਅਕਤੂਬਰ ਨੂੰ ਮਾਨਸਾ ਵਿਖੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੋਈ ਬੇਰਹਿਮ ਹੱਤਿਆ ਬਾਰੇ ਰਿਪੋਰਟ ਮੰਗੀ ਹੈ। ਮੰਤਰਾਲੇ ਨੇ ਪੁੱਛਿਆ ਹੈ ਕਿ ਇਸ ਘਟਨਾ ਤੋਂ ਬਾਅਦ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਗਏ ਹਨ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 10 ਅਗਸਤ 2026 ਨੂੰ ਜਾਰੀ ਕੀਤੇ ਗਏ ‘ਨਾਰਕੋਟਿਕਸ ਕੰਟਰੋਲ ਵਿਜ਼ਨ ਦਸਤਾਵੇਜ਼ (2026-2029)’ ਤਹਿਤ ਨਸ਼ਿਆਂ ਦੀ ਰੋਕਥਾਮ ਲਈ ਸੂਬੇ ਵੱਲੋਂ ਕੀਤੀ ਗਈ ਕਾਰਵਾਈ ਦਾ ਲੇਖਾ-ਜੋਖਾ ਵੀ ਮੰਗਿਆ ਗਿਆ ਹੈ।

    ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ

      ਦੂਜੇ ਪੱਤਰ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਅਧੀਨ ਪੈਂਦੇ ਪਿੰਡ ਤੂਰਬੰਜਾਰਾ ਦੇ ਵਸਨੀਕ ਗੁਲਜ਼ਾਰ ਸਿੰਘ ਵੱਲੋਂ 8 ਸਤੰਬਰ 2026 ਨੂੰ ਕੀਤੀ ਗਈ ਖ਼ੁਦਕੁਸ਼ੀ ਬਾਰੇ ਪੁੱਛ-ਪੜਤਾਲ ਕੀਤੀ ਗਈ ਹੈ। ਮ੍ਰਿਤਕ ਇੱਕ ਨਸ਼ਾ ਪੀੜਤ ਨੌਜਵਾਨ ਦਾ ਪਿਤਾ ਸੀ, ਜਿਸ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਸਿੰਥੈਟਿਕ ਨਸ਼ਿਆਂ ਦੇ ਫੈਲਾਅ ’ਤੇ ਸਵਾਲ ਚੁੱਕਦਿਆਂ ਪੰਜਾਬ ਸਰਕਾਰ ਦੇ ਇੱਕ ਵਜ਼ੀਰ ’ਤੇ ਦੋਸ਼ ਲਾਏ ਸਨ। ਅਮਨ-ਕਾਨੂੰਨ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ਦੀ ਪੂਰੀ ਪੜਤਾਲੀਆ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਗਏ ਹਨ।

      ਗੁਰਦਾਸਪੁਰ ਦੇ ਪਿੰਡ ਮਰੀ ਪੰਵਾਂ ਦਾ ਖ਼ੂਨੀ ਟਕਰਾਅ

        ਤੀਜੇ ਪੱਤਰ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਰੀ ਪੰਵਾਂ ਵਿਖੇ ਬਿਕਰਮਜੀਤ ਸਿੰਘ ਦੀ ਮੌਤ ਅਤੇ ਦੋ ਹੋਰਨਾਂ ਵਿਅਕਤੀਆਂ—ਨਿਸ਼ਾਨ ਸਿੰਘ ਤੇ ਗੁਰਮੁਖ ਸਿੰਘ ਦੇ ਜ਼ਖ਼ਮੀ ਹੋਣ ਦੀ ਘਟਨਾ ਬਾਰੇ ਜਾਣਕਾਰੀ ਮੰਗੀ ਗਈ ਹੈ। ਮੰਤਰਾਲੇ ਅਨੁਸਾਰ ਇਸ ਖ਼ੂਨੀ ਝੜਪ ਦੀਆਂ ਤਾਰਾਂ ਵੀ ਨਸ਼ਾ ਤਸਕਰੀ ਨਾਲ ਜੁੜੀਆਂ ਹੋਈਆਂ ਹਨ।

        ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਹੁਣ ਕੌਮੀ ਪੱਧਰ ’ਤੇ ਭਖ ਗਿਆ ਹੈ। ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਇਸ ਮੁੱਦੇ ਨੂੰ ਲੈ ਕੇ ਤਿੱਖੀ ਸਿਆਸੀ ਬਿਆਨਬਾਜ਼ੀ ਅਤੇ ਦੋਸ਼-ਜਵਾਬੀ ਦੋਸ਼ਾਂ ਦਾ ਦੌਰ ਤੇਜ਼ ਹੋ ਗਿਆ ਹੈ।

        Leave a Reply

        Your email address will not be published. Required fields are marked *