Surjit Singh Rakhra/FB

ਚੰਡੀਗੜ੍ਹ, 17 ਸਤੰਬਰ:

ਆਮ ਆਦਮੀ ਪਾਰਟੀ (ਆਪ) ਨੇ ਆਉਂਦੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀ ਰਣਨੀਤੀ ਤਹਿਤ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਸਮਾਣਾ ਹਲਕੇ ਤੋਂ ਪਾਰਟੀ ਦਾ ਹਲਕਾ ਇੰਚਾਰਜ ਥਾਪ ਦਿੱਤਾ ਹੈ। ਇਸ ਸਿਆਸੀ ਫ਼ੈਸਲੇ ਤੋਂ ਬਾਅਦ ਹਲਕੇ ਵਿੱਚ ਚਰਚਾਵਾਂ ਛਿੜ ਗਈਆਂ ਹਨ ਕਿ ਪਾਰਟੀ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਸਮਾਣਾ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ। ਇਸ ਤੋਂ ਇਲਾਵਾ ‘ਆਪ’ ਵੱਲੋਂ ਬਲਬੀਰ ਸਿੰਘ ਨੂੰ ਸ਼ਾਹਕੋਟ ਹਲਕੇ ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ।

ਸਮਾਣਾ ਸੀਟ ਅਤੇ ਚੇਤਨ ਸਿੰਘਜੋੜਾਮਾਜਰਾ ਦਾ ਸਿਆਸੀ ਭਵਿੱਖ
ਸਮਾਣਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਸਮੇਂ ਵਿੱਚ ‘ਆਪ’ ਆਗੂ ਅਤੇ ਕੈਬਨਿਟ ਮੰਤਰੀ ਰਹੇ ਚੇਤਨ ਸਿੰਘ ਜੌੜਾਮਾਜਰਾ ਵਿਧਾਇਕ ਹਨ। ਸੁਰਜੀਤ ਰੱਖੜਾ ਦੀ ਇਸ ਨਿਯੁਕਤੀ ਨੇ ਸਿਆਸੀ ਗਲਿਆਰਿਆਂ ਵਿੱਚ ਜੌੜਾਮਾਜਰਾ ਦੇ ਭਵਿੱਖ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਜਦੋਂ ਰੱਖੜਾ ਨੂੰ ‘ਆਪ’ ਵਿੱਚ ਸ਼ਾਮਲ ਕੀਤਾ ਗਿਆ ਸੀ, ਉਸ ਸਮੇਂ ਵੀ ਚੇਤਨ ਸਿੰਘ ਜੌੜਾਮਾਜਰਾ ਉੱਥੇ ਮੌਜੂਦ ਸਨ।

ਸੁਰਜੀਤ ਰੱਖੜਾ ਦਾ ਸਮਾਣਾ ਖੇਤਰ ਵਿੱਚ ਪੁਰਾਣਾ ਅਤੇ ਮਜ਼ਬੂਤ ਸਿਆਸੀ ਆਧਾਰ ਰਿਹਾ ਹੈ। ਉਹ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੌਰਾਨ ਪੰਜਾਬ ਦੇ ਰੈਵੇਨਿਊ ਅਤੇ ਰੀਹੈਬਲੀਟੇਸ਼ਨ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਅਗਸਤ 2022 ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹਿਣ ਤੋਂ ਬਾਅਦ, ਸੁਖਬੀਰ ਸਿੰਘ ਬਾਦਲ ਨਾਲ ਮਤਭੇਦਾਂ ਕਾਰਨ ਉਨ੍ਹਾਂ ਨੇ ਪਾਰਟੀ ਤੋਂ ਦੂਰੀ ਬਣਾ ਲਈ ਸੀ।

ਦੂਜੇ ਪਾਸੇ, ਚੇਤਨ ਸਿੰਘ ਜੌੜਾਮਾਜਰਾ ਦਾ 2022 ਵਿੱਚ ਜਿੱਤਣ ਤੋਂ ਬਾਅਦ ਦਾ ਕਾਰਜਕਾਲ ਕਾਫ਼ੀ ਚਰਚਾ ਅਤੇ ਵਿਵਾਦਾਂ ਵਿੱਚ ਰਿਹਾ ਹੈ। ਸਿਹਤ ਮੰਤਰੀ ਵਜੋਂ ਕੰਮ ਕਰਦਿਆਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਤਤਕਾਲੀ ਵਾਈਸ-ਚਾਂਸਲਰ ਡਾ. ਰਾਜ ਬਹਾਦਰ ਨੂੰ ਹਸਪਤਾਲ ਦੇ ਗੰਦੇ ਗੱਦੇ ‘ਤੇ ਬਿਠਾਉਣ ਦੀ ਘਟਨਾ ਕਾਰਨ ਉਨ੍ਹਾਂ ਨੂੰ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਨ੍ਹਾਂ ਤੋਂ ਸਿਹਤ ਵਿਭਾਗ ਵਾਪਸ ਲੈ ਲਿਆ ਗਿਆ ਸੀ।

Leave a Reply

Your email address will not be published. Required fields are marked *