ਨਵੀਂ ਦਿੱਲੀ, 9 ਸਤੰਬਰ:

West Asia Crisis:ਪੱਛਮੀ ਏਸ਼ੀਆ ਵਿੱਚ ਲਗਾਤਾਰ ਡੂੰਘੇ ਹੋ ਰਹੇ ਤਣਾਅ ਅਤੇ ਸਪਲਾਈ ਪ੍ਰਭਾਵਿਤ ਹੋਣ ਦੇ ਖ਼ਦਸ਼ੇ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Brent Crude) ਦੀਆਂ ਕੀਮਤਾਂ 24 ਜੁਲਾਈ ਤੋਂ ਬਾਅਦ ਪਹਿਲੀ ਵਾਰ 100 ਅਮਰੀਕੀ ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ। ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਹੇ ਟਕਰਾਅ ਦੇ ਹੱਲ ਦੀਆਂ ਉਮੀਦਾਂ ਮੱਧਮ ਪੈਣ ਕਾਰਨ ਪਿਛਲੇ ਮਹੀਨੇ ਤੋਂ ਲੈ ਕੇ ਹੁਣ ਤੱਕ ਤੇਲ ਦੀਆਂ ਕੀਮਤਾਂ ਵਿੱਚ ਲਗਭਗ 25% ਦਾ ਭਾਰੀ ਉਛਾਲ ਆ ਚੁੱਕਾ ਹੈ।

ਤੇਲ ਢਾਂਚੇ ’ਤੇ ਹਮਲੇ ਅਤੇ ਹੋਰਮੁਜ਼ ਜਲਡਮਰੂਮੱਧ ਰਾਹੀਂ ਸਪਲਾਈ ਹੋਈ ਪ੍ਰਭਾਵਿਤ

ਇਸ ਹਫ਼ਤੇ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ ਦੇ ਊਰਜਾ ਢਾਂਚੇ ’ਤੇ ਕੀਤੇ ਗਏ ਹਮਲਿਆਂ ਕਾਰਨ ਕਈ ਤੇਲ ਪਲਾਂਟਾਂ ਵਿੱਚ ਅੱਗ ਲੱਗ ਗਈ, ਜਿਸ ਨਾਲ ਖੇਤਰੀ ਟਕਰਾਅ ਦੇ ਹੋਰ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਹੋਰਮੁਜ਼ ਜਲਡਮਰੂਮੱਧ (Strait of Hormuz) ਅਤੇ ਲਾਲ ਸਾਗਰ ਰਾਹੀਂ ਤੇਲ ਦੀ ਆਵਾਜਾਈ ਗੰਭੀਰ ਸੰਕਟ ਵਿੱਚ ਘਿਰ ਗਈ ਹੈ। ਅੰਕੜਿਆਂ ਮੁਤਾਬਕ, ਜਿੱਥੇ ਪਹਿਲਾਂ ਇਸ ਰਸਤੇ ਰਾਹੀਂ ਰੋਜ਼ਾਨਾ 80 ਤੋਂ 90 ਲੱਖ ਬੈਰਲ ਤੇਲ ਲੰਘ ਰਿਹਾ ਸੀ, ਉੱਥੇ ਹੀ ਤਾਜ਼ਾ ਹਾਲਾਤ ਕਾਰਨ ਇਹ ਘੱਟ ਕੇ 20 ਲੱਖ ਬੈਰਲ ਪ੍ਰਤੀ ਦਿਨ ਤੋਂ ਵੀ ਹੇਠਾਂ ਆ ਗਿਆ ਹੈ।

ਏਜੰਸੀਆਂ ਵੱਲੋਂ ਕੀਮਤਾਂ ਹੋਰ ਵਧਣ ਦਾ ਅੰਦਾਜ਼ਾ

ਕੱਚੇ ਤੇਲ ਵਿੱਚ ਆਏ ਇਸ ਉਛਾਲ ਨੂੰ ਦੇਖਦਿਆਂ ਗੋਲਡਮੈਨ ਸਾਕਸ (Goldman Sachs), ਬੈਂਕ ਆਫ਼ ਅਮਰੀਕਾ ਅਤੇ ਐੱਚਐੱਸਬੀਸੀ (HSBC) ਵਰਗੀਆਂ ਆਲਮੀ ਵਿੱਤੀ ਸੰਸਥਾਵਾਂ ਨੇ ਤੇਲ ਦੀਆਂ ਭਵਿੱਖੀ ਕੀਮਤਾਂ ਦੇ ਆਪਣੇ ਅਨੁਮਾਨਾਂ ਵਿੱਚ ਵਾਧਾ ਕਰ ਦਿੱਤਾ ਹੈ। ਉੱਧਰ, ਕੌਮਾਂਤਰੀ ਊਰਜਾ ਏਜੰਸੀ (IEA) ਨੇ ਵੀ ਚਿਤਾਵਨੀ ਦਿੱਤੀ ਹੈ ਕਿ ਗ਼ੈਰ-ਓਪੇਕ (Non-OPEC) ਦੇਸ਼ਾਂ ਵੱਲੋਂ ਉਤਪਾਦਨ ਵਧਾਉਣ ਦੇ ਬਾਵਜੂਦ, ਮੌਜੂਦਾ ਸੰਕਟ ਕਾਰਨ ਇਸ ਸਾਲ ਆਲਮੀ ਤੇਲ ਸਪਲਾਈ ਵਿੱਚ ਲਗਭਗ 43 ਲੱਖ ਬੈਰਲ ਪ੍ਰਤੀ ਦਿਨ (ਲਗਭਗ 4%) ਦੀ ਵੱਡੀ ਗਿਰਾਵਟ ਦਰਜ ਹੋ ਸਕਦੀ ਹੈ।

Leave a Reply

Your email address will not be published. Required fields are marked *